ਚੰਡੀਗੜ੍ਹ: ਮਹਾਰਾਸ਼ਟਰ ਸਰਕਾਰ ਹੁਣ ਭਗੌੜੇ ਨੀਰਵ ਮੋਦੀ ਦੇ ਬੰਗਲੇ ਨੂੰ ਡੇਗਣ ਦੇ ਰੌਂਅ ਵਿੱਚ ਹੈ। ਸ਼ੁੱਕਰਵਾਰ ਨੂੰ ਬੰਬਈ ਉੱਚ ਅਦਾਲਤ ਨੇ ਸਰਕਾਰ ਨੂੰ ਦੱਸਿਆ ਕਿ ਹੀਰਾ ਵਪਾਰੀ ਨੀਰਵ ਮੋਦੀ ਦੇ ਬੰਗਲੇ ਨੂੰ ਢਾਹੁਣ ਲਈ ਸਰਕਾਰ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਯਾਦ ਰਹੇ ਬੰਬਈ ਉੱਚ ਅਦਾਲਤ ਨੇ ਰਾਇਗੜ੍ਹ ਦੇ ਅਲੀਬਾਗ ਵਿੱਚ ਬਣੇ ਨੀਰਵ ਮੋਦੀ ਦੇ ਗੈਰ ਕਾਨੂੰਨੀ ਬੰਗਲੇ ਖ਼ਿਲਾਫ਼ ਕਾਰਵਾਈ ਕਰਨ ਲਈ ਸਰਕਾਰ ਨੂੰ ਹੁਕਮ ਜਾਰੀ ਕੀਤਾ ਸੀ।

ਦੱਸ ਦੇਈਏ ਕਿ ਇਹ ਇਲਾਕਾ ਮੁੰਬਈ ਨਾਲ ਜੁੜਿਆ ਹੋਇਆ ਹੈ ਜੋ ਸੈਰ-ਸਪਾਟੋ ਵਜੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਸਰਕਾਰ ਵੱਲੋਂ ਅਦਾਲਤ ਵਿੱਚ ਦੱਸਿਆ ਗਿਆ ਹੈ ਕਿ ਨੀਰਵ ਮੋਦੀ ਦੇ ਬੰਗਲੇ ਖਿਲਾਫ ਜ਼ਿਲ੍ਹਾ ਕਲੈਕਟਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਸੁਣਵਾਈ ਮੁੱਖ ਜੱਜ ਐਨਐਚ ਪਾਟਿਲ ਦੀ ਅਗਵਾਈ ਵਾਲੀ ਬੈਂਚ ਕਰ ਰਹੀ ਸੀ। ਸਰਕਾਰੀ ਵਕੀਲ ਨੇ ਕਿਹਾ ਕਿ ਬੰਗਲਾ ਡੇਗਣ ਦੀ ਪ੍ਰਕਿਰਿਆ ਤਾਂ ਸ਼ੁਰੂ ਕੀਤੀ ਜਾ ਚੁੱਕੀ ਹੈ ਪਰ ਬੰਗਲਾ ਵੱਡਾ ਹੋਣ ਦੀ ਵਜ੍ਹਾ ਕਰਕੇ ਪਹਿਲਾਂ ਇੰਜਨੀਅਰਾਂ ਦੀ ਸਲਾਹ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੰਗਲੇ ਨੂੰ ਡੇਗਣ ਲਈ ਵਿਸਫੋਟਕਾਂ ਦਾ ਇਸਤੇਮਾਲ ਕੀਤਾ ਜਾਏਗਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਿਹਾ ਸੀ ਕਿ ਉਸ ਨੇ ਨੀਰਵ ਮੋਦੀ ਦੇ ਗੈਰ-ਕਾਨੂੰਨੀ ਬੰਗਲੇ ਨੂੰ ਕੁਰਕ ਕਰ ਲਿਆ ਹੈ, ਇਸ ਲਈ ਇਸ ਮਾਮਲੇ ਵਿੱਚ ਉਸ ਨੂੰ ਵੀ ਸੁਣਿਆ ਜਾਏ। ਯਾਦ ਰਹੇ ਈਡੀ ਨੇ ਹੀ ਮੋਦੀ ਸਰਕਾਰ ’ਤੇ ਮਨੀ ਲਾਂਡਰਿੰਗ ਦਾ ਇਲਜ਼ਾਮ ਲਾਇਆ ਹੈ। ਇਸ ਮਾਮਲੇ ਸਬੰਧੀ ਸ਼ੁੱਕਰਵਾਰ ਨੂੰ ਹੋਈ ਸੁਣਵਾਈ ਵਿੱਚ ਈਡੀ ਦੀ ਵਕੀਲ ਨੇਹਾ ਭਿੜੇ ਨੇ ਅਦਾਲਤ ਨੂੰ ਦੱਸਿਆ ਕਿ ਕੇਂਦਰੀ ਏਜੰਸੀ ਨੇ ਇਹ ਜਾਇਦਾਦ ਕਲੈਕਟਰ ਨੂੰ ਸੌਂਪ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਅਦਾਲਤ ਤੋਂ ਕੁਝ ਮੌਹਲਤ ਵੀ ਮੰਗੀ ਹੈ ਕਿਉਂਕਿ ਹਾਲੇ ਉੱਥੋਂ ਕੁਝ ਚੀਜ਼ਾਂ ਕੱਢਣੀਆਂ ਬਾਕੀ ਹਨ।