ਚੰਡੀਗੜ੍ਹ: ਟੋਲ ਪਲਾਜ਼ਾ 'ਤੇ ਤਾਇਨਾਤ ਅਧਿਕਾਰੀਆਂ ਵੱਲੋਂ ਭਾਰਤ ਦੀ ਕੌਮੀ ਸ਼ਾਹਰਾਹ ਅਥਾਰਟੀ ਨੂੰ ਭੇਜੀ ਰਿਪੋਰਟ ਵਿੱਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਟੋਲ ਬਚਾਉਣ ਲਈ ਪਿਛਲੇ ਦੋ ਮਹੀਨਿਆਂ ਦੌਰਾਨ 2000 ਤੋਂ ਵੱਧ ਲੋਕ ਜਾਅਲੀ ਫ਼ੌਜੀ ਤੇ ਪੁਲਿਸ ਮੁਲਾਜ਼ਮ ਬਣੇ ਪਾਏ ਗਏ। ਇਨ੍ਹਾਂ ਵਿੱਚ ਜ਼ਿਆਦਾਤਰ ਲੋਕ ਹਰਿਆਣਾ, ਯੂਪੀ ਤੇ ਪੰਜਾਬ ਦੇ ਸਨ।
ਦਸੰਬਰ ਵਿੱਚ ਟੋਲ ਅਧਿਕਾਰੀਆਂ ਨੇ ਜਾਅਲੀ ਫ਼ੌਜੀਆਂ ਤੇ ਪੁਲਿਸ ਮੁਲਾਜ਼ਮਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਸੀ, ਜਿਸ ਵਿੱਚ 2000 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੇ ਸ਼ਨਾਖ਼ਤੀ ਕਾਰਡ ਜਾਅਲੀ ਪਾਏ ਗਏ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਹਰਿਆਣਾ ਦੇ ਰੋਹਤਕ, ਪਾਣੀਪਤ, ਸੋਨੀਪਤ, ਭਿਵਾਨੀ, ਝੱਜਰ, ਕੈਥਲ ਤੇ ਫ਼ਤਿਹਾਬਾਦ ਦੇ 1500, ਉੱਤਰ ਪ੍ਰਦੇਸ਼ ਦੇ ਮੇਰਠ, ਬਾਗ਼ਪਤ, ਬੁਲੰਦਸ਼ਹਿਰ, ਬਿਜਨੌਰ ਤੇ ਨੋਇਡਾ ਦੇ 300 ਤੇ ਪੰਜਾਬ ਦੇ ਅੰਮ੍ਰਿਤਸਰ, ਫ਼ਿਰੋਜ਼ਪੁਰ, ਬਠਿੰਡਾ ਦੇ ਰਹਿਣ ਵਾਲੇ 200 ਵਿਅਕਤੀਆਂ ਕੋਲ ਜਾਅਲੀ ਪਛਾਣ ਪੱਤਰ ਪਾਏ ਗਏ।
ਹੈਰਾਨੀ ਤਾਂ ਉਦੋਂ ਹੋਈ ਜਦ ਬਹਾਦੁਰਗੜ੍ਹ ਵਿੱਚ ਫੜੇ ਗਏ ਨੌਜਵਾਨ ਨੇ ਖ਼ੁਦ ਨੂੰ ਰੋਹਤਕ ਦਾ ਆਈਜੀ ਸੰਦੀਪ ਖਿਰਵਾਰ ਦੱਸਿਆ। ਉਸ ਨੇ ਆਈਜੀ ਦੇ ਨਾਂਅ ਦਾ ਜਾਅਲੀ ਪਛਾਣ ਪੱਤਰ ਬਣਾਇਆ ਹੋਇਆ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਮੁਆਫ਼ੀ ਮੰਗਣ ਅਤੇ ਕੁਝ ਨੂੰ ਰਸੂਖਵਾਨਾਂ ਦੇ ਕਹਿਣ 'ਤੇ ਟੋਲ ਅਦਾ ਕਰਨ 'ਤੇ ਛੱਡ ਦਿੱਤਾ ਗਿਆ। ਉੱਧਰ, ਟੋਲ ਅਧਿਕਾਰੀਆਂ ਮੁਤਾਬਕ ਪੁਲਿਸ ਵੀ ਅਜਿਹੇ ਮਾਮਲਿਆਂ ਵਿੱਚ ਕਾਰਵਾਈ ਕਰਨ ਵਿੱਚ ਰੁਚੀ ਨਹੀਂ ਰੱਖਦੀ ਅਤੇ ਮੁਆਫ਼ੀ ਮੰਗਣ 'ਤੇ ਜ਼ਿਆਦਾਤਰ ਨੂੰ ਛੱਡ ਦਿੱਤਾ ਜਾਂਦਾ ਹੈ।