ਚੰਡੀਗੜ੍ਹ: ਭਾਰਤੀ ਫੌਜ ਨੂੰ ਜਲਦ ਹੀ ਕਰੀਬ 73 ਹਜ਼ਾਰ ਅਮਰੀਕੀ ਐਸਾਲਟ ਰਫਲਾਂ ਮਿਲਣਗੀਆਂ। ਰੱਖਿਆ ਮੰਤਰਾਲੇ ਨੇ ਇਸ ਸਬੰਧੀ ਅਮਰੀਕਾ ਦੀ ‘ਸਿਗ-ਸੌਰ’ ਕੰਪਨੀ ਨਾਲ ਇਕਰਾਰ ਕੀਤਾ ਹੈ। ਭਾਰਤ ਨੇ ਫੈਸਟ ਟ੍ਰੈਕ ਮੋਡ ਰਾਹੀਂ ਇਹ SIG-716 ਬਰਾਂਡ ਦੀਆਂ ਐਸਾਲਟ ਰਫਲਾਂ ਖ਼ਰੀਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਰਫਲਾਂ ਅਗਲੇ ਇੱਕ ਸਾਲ ਵਿੱਚ ਭਾਰਤੀ ਫੌਜ ਨੂੰ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ।


ਇਨ੍ਹਾਂ ਰਫਲਾਂ ਦੀ ਕੁੱਲ ਕੀਮਤ ਕਰੀਬ 12,280 ਕਰੋੜ ਰੁਪਏ ਹੈ। ਇਨ੍ਹਾਂ ਨੂੰ ‘ਬਾਏ ਐਂਡ ਮੇਕ ਇੰਡੀਅਨ’ (BUY AND MAKE INDIAN)ਸ਼੍ਰੇਣੀ ਤਹਿਤ ਫੌਜ ਲਈ ਮੁਹੱਈਆ ਕਰਵਾਇਆ ਜਾਏਗਾ। ਇਸ ਲਈ ਸਵਦੇਸ਼ੀ ਸਰਕਾਰੀ ਤੇ ਨਿੱਜੀ ਖੇਤਰ ਦੀਆਂ ਕੰਪਨੀਆਂ ਇਸ ਖਰੀਦ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਦੀਆਂ ਹਨ। ਹਾਲਾਂਤਿ ਐਸਾਲਟ ਰਫਲਾਂ ਖ਼ਰੀਦਣ ਦੀ ਪ੍ਰਕਿਰਿਆ ਲਈ ਇੱਕ ਬ੍ਰਿਗੇਡੀਅਰ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿੱਚ ਖ਼ਾਸ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ। ਇਹ ਕਮੇਟੀ ਅਮਰੀਕਾ, ਆਸਟ੍ਰੇਲੀਆ, ਇਜ਼ਰਾਈਲ, ਦੱਖਣ ਕੋਰੀਆ ਤੇ ਯੂਏਈ ਸਮੇਤ ਕੁੱਲ ਪੰਜ ਦੇਸ਼ਾਂ ਦੀ ਯਾਤਰਾ ਕਰ ਰਹੀ ਹੈ।

ਹਾਸਲ ਜਾਣਕਾਰੀ ਮੁਤਾਬਕ ਮੁੱਖ ਸਰਹੱਦ ’ਤੇ ਤਇਨਾਤ ਜਵਾਨਾਂ ਨੂੰ ਇਨ੍ਹਾਂ 72,400 SIG-716 ਰਫਲਾਂ ਨਾਲ ਲੈਸ ਕੀਤਾ ਜਾਏਗਾ। ਮੰਨਿਆ ਦਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਇਨ੍ਹਾਂ ਨੂੰ ਚੀਨ ਹੱਦ ’ਤੇ ਤਾਇਨਾਤ ਕੀਤਾ ਜਾਏਗਾ। ਪਿਛਲੇ 20 ਸਾਲਾਂ ਵਿੱਚ ਫੌਜ ਦੇ ਇਨਫੈਂਟ੍ਰੀ ਜਵਾਨਾਂ ਲਈ ਐਸਾਲਟ ਰਫਲਾਂ ਦੀ ਇਹ ਸਭ ਤੋਂ ਵੱਡਾ ਸੌਦਾ ਹੈ। ਇਸ ਤੋਂ ਪਹਿਲਾਂ 90 ਦੇ ਦਹਾਕੇ ਜੇ ਆਖ਼ੀਰ ਵਿੱਚ ਫੌਜ ਨੂੰ ਸਵਦੇਸ਼ੀ ਇਨਸਾਸ ਰਫਲਾਂ ਦਿੱਤੀਆਂ ਗਈਆਂ ਸੀ।

ਇਸ ਤੋਂ ਬਾਅਦ ਇਨਸਾਸ ਰਫਲਾਂ ਵਿੱਚ ਖਰਾਬੀ ਕਰਕੇ ਫੌਜ ਚੰਗਾ ਬਦਲ ਭਾਲ ਰਹੀ ਸੀ ਇਸ ਲਈ ਹੁਣ ਫੌਜ ਨੇ ਅਮਰੀਕਾ ਦੀਆਂ ਐਸਾਲਟ ਰਫਲਾਂ ਦੀ ਚੋਣ ਕੀਤੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਰੱਖਿਆ ਮੰਤਰਾਲੇ ਨੇ ਇਨਫੈਂਟ੍ਰੀ ਮਾਡਰਨਾਈਜ਼ੇਸ਼ਨ ਦੇ ਤਹਿਤ ਫੌਜ ਦੀ ਇਨਫੈਂਟ੍ਰੀ ਬਟਾਲੀਅਨ ਵਿੱਚ ਪੂਰੀ ਤਰ੍ਹਾਂ ਇਨਸਾਸ ਰਫਲਾਂ ਦੀ ਥਾਂ 7 ਲੱਖ 40 ਹਜ਼ਾਰ ਐਸਾਲਟ ਰਫਲਾਂ ਖ਼੍ਰੀਦਣ ਨੂੰ ਮਨਜ਼ੂਰੀ ਦਿੱਤੀ ਗਈ ਹੈ।