108 ਐਂਬੂਲੈਂਸ ਦੇ ਰੂਟ ਦੀਆਂ ਸਾਰੀਆਂ ਲਾਈਨਾਂ 'ਵਿਅਸਤ', ਤੜਫ-ਤੜਫ ਕੇ ਵਿਅਕਤੀ ਦੀ ਮੌਤ
ਏਬੀਪੀ ਸਾਂਝਾ | 03 Feb 2019 05:30 PM (IST)
ਫ਼ਤਿਹਾਬਾਦ: ਸਿਹਤ ਵਿਭਾਗ ਦੇ ਦਾਅਵਿਆਂ ਦੀ ਉਸ ਸਮੇਂ ਪੋਲ ਖੁੱਲ੍ਹ ਗਈ, ਜਦ ਸਮੇਂ ਸਿਰ ਐਂਬੂਲੈਂਸ ਸੇਵਾ ਨਾ ਮਿਲਣ ਕਾਰਨ ਇਲਾਜ ਖੁਣੋਂ ਇੱਕ ਬਿਮਾਰ ਵਿਅਕਤੀ ਦੀ ਮੌਤ ਹੋ ਗਈ। ਵਿਅਕਤੀ ਨੂੰ ਖ਼ੂਨ ਦੀਆਂ ਉਲਟੀਆਂ ਆ ਰਹੀਆਂ ਸਨ, ਪਰ ਐਂਬੂਲੈਂਸ ਨਾ ਮਿਲਣ ਕਾਰਨ ਉਸ ਨੂੰ ਸਮੇਂ ਸਿਰ ਹਸਪਤਾਲ ਨਹੀਂ ਲਿਜਾਇਆ ਜਾ ਸਕਿਆ। ਸ਼ਹਿਰ ਦੇ ਸਵਾਮੀ ਨਗਰ ਵਿੱਚ ਰਹਿੰਦੇ ਮ੍ਰਿਤਕ ਜਗਦੀਸ਼ ਦੇ ਗੁਆਂਢੀ ਭਾਰਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਨੇੜੇ ਹੀ ਬੇਹੱਦ ਗ਼ਰੀਬ ਪਰਿਵਾਰ ਰਹਿੰਦਾ ਹੈ ਅਤੇ ਉਨ੍ਹਾਂ ਦੇ ਵਿਅਕਤੀ ਨੂੰ ਅਚਾਨਕ ਖ਼ੂਨ ਵਾਲੀਆਂ ਉਲਟੀਆਂ ਆਉਣ ਲੱਗੀਆਂ ਤੇ ਉਸ ਦੀ ਸਿਹਤ ਕਾਫੀ ਖਰਾਬ ਹੋ ਗਈ। ਉਨ੍ਹਾਂ ਵਾਰ-ਵਾਰ 108 ਐਂਬੂਲੈਂਸ ਨੂੰ ਫ਼ੋਨ ਕੀਤਾ ਤਾਂ ਇਹੋ ਸੁਣਾਈ ਦੇ ਰਿਹਾ ਸੀ ਕਿ ਇਸ ਰੂਟ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ। ਜਦ ਕਾਫੀ ਸਮੇਂ ਉਨ੍ਹਾਂ ਦਾ ਫ਼ੋਨ ਨਹੀਂ ਲੱਗਿਆ ਤਾਂ ਹਾਰ ਕੇ ਉਹ ਆਟੋ ਰਿਕਸ਼ਾ ਵਿੱਚ ਮਰੀਜ਼ ਨੂੰ ਸਰਕਾਰੀ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਜਗਦੀਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਸਿਹਤ ਪ੍ਰਸ਼ਾਸਨ ਕੋਲ ਦਰਜਨ ਐਂਬੂਲੈਂਸ ਹਨ। ਐਂਬੂਲੈਂਸ ਕੰਟਰੋਲ ਰੂਮ ਦੇ ਮੈਨੇਜਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਤੋਂ ਤਕਨੀਕੀ ਖ਼ਰਾਬੀ ਆਏ ਹੋਣ ਕਾਰਨ ਬੀਐਸਐਨਐਲ ਤੋਂ ਇਲਾਵਾ ਕਿਸੇ ਵੀ ਹੋਰ ਨਿੱਜੀ ਮੋਬਾਈਲ ਆਪ੍ਰੇਟਰ ਕੰਪਨੀ ਤੋਂ 108 ਨੰਬਰ ਨਹੀਂ ਸੀ ਮਿਲ ਰਿਹਾ। ਪਿਛਲੇ ਦਿਨ ਤੋਂ ਜਾਰੀ ਇਹ ਸਮੱਸਿਆ ਹਾਲੇ ਵੀ ਉਸੇ ਤਰ੍ਹਾਂ ਹੈ, ਜੇਕਰ ਸਮਾਂ ਰਹਿੰਦੇ ਇਹ ਸਮੱਸਿਆ ਹੱਲ ਕੀਤੀ ਜਾਂਦੀ ਤਾਂ ਕੀਮਤੀ ਜਾਨ ਬਚ ਸਕਦੀ ਸੀ।