ਅੰਮ੍ਰਿਤਸਰ: ਕਰਤਾਰਪੁਰ ਲਾਂਘੇ ਦੀ ਗੱਲਬਾਤ ਅੱਗੇ ਵਧਣ ਤੋਂ ਪਹਿਲਾਂ ਹੀ ਟੁੱਟ ਜਾਣ ਬਾਰੇ ਕਿਹਾ ਕਿ ਹਰ ਸਿੱਖ ਉਸ ਲਈ ਅਰਦਾਸ ਕਰਦਾ ਹੈ ਤੇ ਪਰਮਾਤਮਾ ਉਸ ਨੂੰ ਅੱਜ ਜਾਂ ਕੱਲ੍ਹ ਪੂਰੀ ਜ਼ਰੂਰ ਕਰੇਗਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸੁਖਬੀਰ ਬਾਦਲ ਨੇ ਇਮਰਾਨ ਖ਼ਾਨ ਤੇ ਸਿੱਧੂ ਦੇ ਹਿਮਾਇਤੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਜੰਮ ਕੇ ਨਿਸ਼ਾਨੇ ਸਾਧੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਉੱਪਰ ਵੀ ਕਈ ਸ਼ਬਦੀ ਵਾਰ ਕੀਤੇ। ਬਾਦਲ ਨੇ ਕਿਹਾ ਕਿ ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਬਣਦਿਆਂ ਆਈਐਸਆਈ ਨੂੰ ਥਾਪੜਾ ਦਿੱਤਾ, ਜੋ ਭਾਰਤ ਵਿੱਚ ਦਹਿਸ਼ਤ ਫੈਲਾਉਣ ਦਾ ਕੰਮ ਕਰਦੀ ਹੈ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਕਥਿਤ ਤੌਰ 'ਤੇ ਕਾਂਗਰਸ ਦਾ ਸਾਥ ਦੇਣ ਵਾਲੇ ਅਫ਼ਸਰਾਂ ਨੂੰ ਸੁਖਬੀਰ ਬਾਦਲ ਨੇ ਇੱਕ ਵਾਰ ਫਿਰ ਚੇਤਾਵਨੀ ਦਿੱਤੀ ਹੈ। ਦਰਬਾਰ ਸਾਹਿਬ ਪਹੁੰਚੇ ਸੁਖਬੀਰ ਬਾਦਲ ਨੇ ਇਨ੍ਹਾਂ ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਨ ਬਾਰੇ ਕਿਹਾ ਕਿ ਰਿਜ਼ਲਟ ਭਾਵੇਂ ਕੁਝ ਵੀ ਹੋਵੇ, ਪਰ ਜਿੱਤ ਅਕਾਲੀ ਦਲ ਦੀ ਹੀ ਹੋਵੇਗੀ। ਸੁਖਬੀਰ ਬਾਦਲ ਨੇ ਇੱਕ ਵਾਰ ਫਿਰ ਚੇਤਾਵਨੀ ਦਿੰਦਿਆਂ ਕਿਹਾ ਕਿ ਚੋਣਾਂ ਵਿੱਚ ਬੂਥ ਕੈਪਚਰਿੰਗ ਕਰਵਾਉਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜੇ ਜੋ ਮਰਜ਼ੀ ਹੋਣ ਪਰ ਇਨ੍ਹਾਂ ਵਿੱਚ ਜਿੱਤ ਅਕਾਲੀ ਦਲ ਦੀ ਹੀ ਹੋਈ ਹੈ। ਸੁਖਬੀਰ ਨੇ ਇਹ ਗੱਲ ਆਪਣੀਆਂ ਰੈਲੀਆਂ ਦਾ ਹਵਾਲਾ ਹੁੰਦੇ ਕਹੀ। ਬਰਗਾੜੀ ਮੋਰਚੇ ਬਾਰੇ ਪੁੱਛੇ ਗਏ ਸਵਾਲ 'ਤੇ ਸੁਖਬੀਰ ਨੇ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕਿ ਉਨ੍ਹਾਂ ਦੀ ਦੁਕਾਨ ਨੂੰ ਜਲਦੀ ਬੰਦ ਹੋਣ ਵਾਲੀ ਹੈ ਅਤੇ ਉਨ੍ਹਾਂ ਦੀ ਭੀੜ ਵੀ ਹੁਣ ਹੌਲੀ-ਹੌਲੀ ਘਟਣੀ ਸ਼ੁਰੂ ਹੋ ਗਈ ਹੈ। ਸੁਖਬੀਰ ਨੇ ਕਿਹਾ ਕੇ ਉੱਥੇ ਬੈਠੇ ਜ਼ਿਆਦਾਤਰ ਲੋਕ ਲੰਗਰ ਕਰਕੇ ਬੈਠੇ ਸਨ ਤੇ ਹੁਣ ਖੀਰ ਦਾ ਲੰਗਰ ਖ਼ਤਮ ਹੋਣ ਕਰਕੇ ਭੀੜ ਵੀ ਘਟਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਸੁਨੀਲ ਜਾਖੜ ਵੱਲੋਂ ਕੀਤੀ ਬਿਆਨਬਾਜ਼ੀ ਬਾਰੇ ਕਿਹਾ ਕਿ ਸਿੱਧੂ ਦੇ ਨਾਲ ਨਾਲ ਰਹਿ ਕੇ ਜਾਖੜ ਦੇ ਦਿਮਾਗ ਵਿੱਚ ਵੀ ਫਰਕ ਪੈ ਚੁੱਕਾ ਹੈ। ਜਾਖੜ ਦੀ ਹਰ ਸਟੇਟਮੈਂਟ ਘਬਰਾਹਟ ਭਰੀ ਹੁੰਦੀ ਹੈ। ਉਨ੍ਹਾਂ ਨੂੰ ਅਕਾਲੀ ਦਲ ਨਾਲੋਂ ਵਧੇਰੇ ਕਾਂਗਰਸ ਦੀ ਫਿਕਰ ਕਰਨੀ ਚਾਹੀਦੀ ਹੈ।