ਸੰਗਰੂਰ: ਟਕਸਾਲੀ ਲੀਡਰਾਂ ਨੇ ਅੱਜ ਪਤਾ ਪਾਸ ਕਰਕੇ ਸੁਖਬੀਰ ਬਾਦਲ ਨੂੰ ਪੰਥ ਤੇ ਪਾਰਟੀ ਵਿੱਚੋਂ ਬਾਹਰ ਕੱਢਣ ਦਾ ਐਲਾਨ ਕੀਤਾ ਹੈ। ਇਹ ਮਤਾ ਅੱਜ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਸੁਖਬੀਰ ਬਾਦਲ ਨੂੰ ਜਵਾਬ ਦੇਣ ਲਈ ਕਰਵਾਈ ਗਈ ਸੰਗਰੂਰ ਰੈਲੀ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਬਾਗੀ ਟਕਸਾਲੀ ਲੀਡਰਾਂ ਨੇ ਵੀ ਸਟੇਜ ਸਾਂਝੀ ਕੀਤੀ ਤੇ ਬਾਦਲ ਪਰਿਵਾਰ ਖਿਲਾਫ ਡਟਣ ਦਾ ਸੱਦਾ ਦਿੱਤਾ।


ਦਿਲਚਸਪ ਹੈ ਕਿ ਸੰਗਰੂਰ ਵਿੱਚ ਢੀਂਡਸਾ ਪਰਿਵਾਰ ਵੱਲੋਂ ਕੀਤੀ ਗਈ ਰੈਲੀ ਵਿੱਚ ਉਸੇ ਤਰ੍ਹਾਂ ਮਤਾ ਪਾਸ ਕਰਕੇ ਸੁਖਬੀਰ ਬਾਦਲ ਨੂੰ ਅਕਾਲੀ ਦਲ ਦੇ ਪ੍ਰਧਾਨ ਤੇ ਪੰਥ ਵਿੱਚੋਂ ਕੱਢਣ ਦੀ ਮੰਗ ਕੀਤੀ ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਕੁਝ ਦਿਨ ਪਹਿਲਾਂ ਰੈਲੀ ਕਰਕੇ ਢੀਂਡਸਾ ਪਰਿਵਾਰ ਨੂੰ ਅਕਾਲੀ ਦਲ ਤੋਂ ਬਾਹਰ ਕੱਢਿਆ ਸੀ। ਢੀਂਡਸਾ ਪਰਿਵਾਰ ਨੇ ਰੈਲੀ ਵੀ ਉਸੇ ਥਾਂ ਕੀਤੀ ਜਿੱਥੇ ਕੁਝ ਦਿਨ ਪਹਿਲਾਂ ਸੁਖਬੀਰ ਬਾਦਲ ਨੇ ਕੀਤੀ ਸੀ।

ਅੱਜ ਜਿੱਥੇ ਸੰਗਰੂਰ ਵਿੱਚ ਵੱਡਾ ਇਕੱਠ ਕਰਕੇ ਢੀਂਡਸਾ ਪਰਿਵਾਰ ਨੇ ਸੁਖਬੀਰ ਬਾਦਲ ਨੂੰ ਮੋੜਵਾਂ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਦੇ ਨਾਲ ਹੀ ਢੀਂਡਸਾ ਨੇ ਐਲਾਨ ਕੀਤਾ ਹੈ ਕਿ ਐਸਜੀਪੀਸੀ ਚੋਣਾਂ ਢੀਂਡਸਾ ਪਰਿਵਾਰ ਅਕਾਲੀ ਦਲ ਟਕਸਾਲੀ ਨਾਲ ਮਿਲ ਕੇ ਲੜੇਗਾ। ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਵਿੱਚ ਵੀ ਹਿੱਸਾ ਬਣੇਗਾ। ਸੁਖਦੇਵ ਸਿੰਘ ਢੀਂਡਸਾ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਉਹ ਅਕਾਲੀ ਦਲ ਟਕਸਾਲੀ ਨਾਲ ਮਿਲ ਕੇ ਪਹਿਲਾਂ ਐਸਜੀਪੀਸੀ ਚੋਣਾਂ ਵਿੱਚ ਹਿੱਸਾ ਲੈਣਗੇ। ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਵਿੱਚ ਵੀ ਹਿੱਸਾ ਬਣਨਗੇ।

ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਬੇਸ਼ੱਕ ਅਕਾਲੀ ਦਲ ਅੱਜ ਉਨ੍ਹਾਂ ਦੀ ਰੈਲੀ ਨੂੰ ਕਾਂਗਰਸ ਦੀ ਰੈਲੀ ਕਹਿ ਰਿਹਾ ਹੈ ਪਰ ਸੱਚ ਸਭ ਦੇ ਸਾਹਮਣੇ ਹੈ ਕਿ ਲੋਕ ਕਿਸ ਤਰ੍ਹਾਂ ਅੱਜ ਉਨ੍ਹਾਂ ਨਾਲ ਖੜ੍ਹੇ ਹਨ ਕਿਉਂਕਿ ਉਹ ਕਿਸੇ ਵਿਅਕਤੀ ਦੇ ਸਮਰਥਕ ਨਹੀਂ ਬਲਕਿ ਅਕਾਲੀ ਦਲ ਦੀ ਸੋਚ ਦੇ ਸਮਰਥਕ ਹਨ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਅਕਾਲੀ ਦਲ ਦੀ ਪੁਰਾਣੀ ਸੋਚ ਨੂੰ ਵਿਕਸਤ ਕਰਨਾ ਹੈ ਜਦੋਂਕਿ ਬਾਦਲ ਪਰਿਵਾਰ ਵੱਲੋਂ ਖ਼ਤਮ ਕੀਤੀ ਜਾ ਰਹੀ ਹੈ। ਅੱਜ ਢੀਂਡਸਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਵਿਰੋਧ ਸਿਰਫ ਉਨ੍ਹਾਂ ਨੇ ਹੁਣ ਨਹੀਂ ਬਲਕਿ ਪਾਰਟੀ ਵਿੱਚ ਰਹਿੰਦਿਆਂ ਹੋਇਆਂ ਵੀ ਕਾਫੀ ਸਮਾਂ ਪਹਿਲਾਂ ਸ਼ੁਰੂ ਕਰ ਦਿੱਤਾ ਸੀ।

ਢੀਂਡਸਾ ਨੇ ਐਲਾਨ ਕੀਤਾ ਕਿ ਅਕਾਲੀ ਦਲ ਤੋਂ ਨਾਰਾਜ਼ ਹੋਰ ਵੀ ਸੀਨੀਅਰ ਨੇਤਾ ਅਗਲੇ ਹਫਤੇ ਤੋਂ ਬਾਅਦ ਉਨ੍ਹਾਂ ਨਾਲ ਜੁੜ ਰਹੇ ਹਨ। ਢੀਂਡਸਾ ਪਿਓ-ਪੁੱਤ ਦੀ ਸਟੇਜ 'ਤੇ ਜਿੱਥੇ ਅਕਾਲੀ ਦਲ ਟਕਸਾਲੀ ਦੇ ਸਾਰੇ ਵੱਡੇ ਨੇਤਾ ਇੱਕ ਹੋ ਕੇ ਪਹੁੰਚੇ, ਉੱਥੇ ਹੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਐਲਾਨ ਕੀਤਾ ਕਿ ਸਾਡਾ ਸਭ ਦਾ ਮਕਸਦ ਸਿਰਫ ਇੱਕ ਹੈ ਕਿ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸ ਤਰ੍ਹਾਂ ਨਾਲ ਬਾਦਲਾਂ ਦੇ ਚੁੰਗਲ ਵਿੱਚੋਂ ਆਜ਼ਾਦ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਲਗਾਤਾਰ ਐਸਜੀਪੀਸੀ ਉੱਤੇ ਸਵਾਲ ਖੜ੍ਹੇ ਹੋ ਰਹੇ ਹਨ ਭਾਵੇਂ ਉਹ ਐੱਸਜੀਪੀਸੀ ਵੱਲੋਂ ਖਰਚ ਕੀਤੇ ਜਾ ਰਹੇ ਪੈਸੇ ਦੀ ਗੱਲ ਹੋਵੇ ਜਾਂ ਫਿਰ ਦੋ ਸਾਲ ਹੋਣ ਦੇ ਬਾਵਜੂਦ ਅਜੇ ਤੱਕ ਚੋਣਾਂ ਨਹੀਂ ਕਰਵਾਉਣ ਦੀ ਗੱਲ ਹੋਵੇ।