Shiromani Akali Dal: 4 ਅਗਸਤ 1982 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਦੀਆਂ ਹੱਕੀ ਮੰਗਾਂ ਖ਼ਾਤਰ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਸੀ ਜਿਸ ਦੇ ਪਹਿਲੇ ਜੱਥੇ ਵਿੱਚ 1234 ਸਿੱਖਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਕਾਸ਼ ਸਿੰਘ ਬਾਦਲ ਨੇ ਗ੍ਰਿਫ਼ਤਾਰੀ ਦਿੱਤੀ ਸੀ। ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਮੂਹ ਪੰਥ ਤੇ ਪੰਜਾਬ ਦਰਦੀਆਂ ਨੂੰ ਅਪੀਲ ਕੀਤੀ ਹੈ ਕਿ ਪੰਥ ਤੇ ਪੰਜਾਬ ਦੀ ਤਾਕਤ ਨੂੰ ਮਜ਼ੂਬਤ ਕਰੀਏ ।


ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅੱਜ ਦਾ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਕੁਰਬਾਨੀਆਂ ਭਰੇ ਇਤਿਹਾਸ ਵਿੱਚ ਮਾਣ ਵਾਲਾ ਦਿਨ ਹੈ, ਉਸ ਸਮੇਂ ਦੀ ਦੇਸ਼ ਦੀ ਕੇਂਦਰੀ ਹਕੂਮਤ ‘ਤੇ ਰਾਜ ਕਰ ਰਹੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੰਜਾਬ ਅਤੇ ਪੰਥ ਖਿਲਾਫ ਧੱਕੇਸ਼ਾਹੀ ਦੇ ਵਿਰੁੱਧ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਅੱਜ ਦੇ ਦਿਨ ਹੋਈ ਸੀ । 






ਸੁਖਬੀਰ ਬਾਦਲ ਨੇ ਲਿਖਿਆ, ਪਰਕਾਸ਼ ਸਿੰਘ ਜੀ ਬਾਦਲ ਦੀ ਅਗਵਾਈ ਵਿੱਚ ਅਕਾਲੀਆਂ ਦਾ ਪਹਿਲਾ ਜਥਾ ਗ੍ਰਿਫਤਾਰੀ ਦੇਣ ਲਈ ਰਵਾਨਾ ਹੋਇਆ ਸੀ ਤੇ ਮਗਰੋਂ ਹਜ਼ਾਰਾਂ ਹੀ ਅਕਾਲੀਆਂ ਨੇ ਗ੍ਰਿਫਤਾਰੀਆਂ ਦੇ ਕੇ ਕੇਂਦਰ ਸਰਕਾਰ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ । ਉਸ ਸਮੇਂ ਵੀ ਮੋਰਚੇ ਦਾ ਮੁੱਖ ਮਕਸਦ ਕੇਂਦਰੀ ਹਕੂਮਤਾਂ ਤੋਂ ਪੰਥ ਤੇ ਪੰਜਾਬ ਨੂੰ ਬਣਦੇ ਹੱਕ ਦਿਵਾਉਣਾ ਸੀ ਤੇ ਇਤਿਹਾਸ ਗਵਾਹ ਹੈ ਕਿ ਅੱਜ ਤੱਕ ਵੀ ਸ਼੍ਰੋਮਣੀ ਅਕਾਲੀ ਦਲ ਪੰਥ ਪੰਜਾਬ ਦੇ ਹੱਕਾਂ ਲਈ ਜੂਝ ਰਿਹਾ ਹੈ । ਮੈਂ ਸਮੂਹ ਪੰਥ ਤੇ ਪੰਜਾਬ ਦਰਦੀਆਂ ਨੂੰ ਅਪੀਲ ਕਰਦਾ ਹਾਂ ਕਿ ਆਓ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਬੇਮਿਸਾਲ ਇਤਿਹਾਸ ਤੋਂ ਸੇਧ ਲੈ ਕੇ ਪੰਥ ਤੇ ਪੰਜਾਬ ਦੀ ਤਾਕਤ ਨੂੰ ਮਜ਼ੂਬਤ ਕਰੀਏ ।


ਜ਼ਿਕਰ ਕਰ ਦਈਏ ਕਿ ਇਸ ਧਰਮ ਯੁੱਧ ਦਾ ਮੁੱਖ ਕਾਰਨ ਪੰਜਾਬ ਦੀਆਂ ਹੱਕੀ ਮੰਗਾਂ ਸਨ ਜਿਸ ਵਿਚ ਪੰਜਾਬ ਦੀ ਵੰਡ ਦੌਰਾਨ ਪੰਜਾਬੀ ਬੋਲਦੇ ਇਲਾਕਿਆਂ ਨੂੰ ਮੁੜ ਪੰਜਾਬ ਵਿਚ ਸ਼ਾਮਲ ਕਰਨਾ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦੇਣਾ, ਰਾਜਾਂ ਦੀ ਖ਼ੁਦਮੁਖ਼ਤਾਰੀ ਅਤੇ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਪੰਜਾਬ ਨੂੰ ਸੌਂਪਣ ਜਹੀਆਂ ਮੰਗਾਂ ਸਨ।