Punjab News: ਪੰਥਕ ਧਿਰਾਂ ਅੰਦਰ ਹਿੱਲਜੁੱਲ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਖਤ ਸ਼ਬਦਾਂ ਵਿੱਚ ਤਾੜਨਾ ਕਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਐਕਸ਼ਨ ਮੋਡ ਵਿੱਚ ਆ ਗਿਆ ਹੈ। ਸੁਖਬੀਰ ਬਾਦਲ ਦੇ ਅਸਤੀਫੇ ਤੇ ਪਾਰਟੀ ਦੀ ਮੈਂਬਰਸ਼ਿਪ ਭਰਤੀ ਪ੍ਰੋਗਰਾਮ ਬਾਰੇ ਚਰਚਾ ਕਰਨ ਲਈ ਅਕਾਲੀ ਦਲ ਨੇ 10 ਜਨਵਰੀ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਲਈ ਹੈ। ਚਰਚਾ ਹੈ ਕਿ ਮਾਘੀ ਮੇਲੇ ਤੋਂ ਪਹਿਲਾਂ ਹੀ ਸੁਖਬੀਰ ਬਾਦਲ ਤੇ ਹੋਰ ਲੀਡਰਾਂ ਦੇ ਅਸਤੀਫੇ ਸਵੀਕਾਰ ਕਰ ਲਏ ਜਾਣਗੇ।
ਹਾਸਲ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ 10 ਜਨਵਰੀ ਨੂੰ ਸੱਦ ਲਈ ਹੈ। ਇਸ ਵਿੱਚ ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਵਜੋਂ ਦਿੱਤੇ ਅਸਤੀਫੇ ਤੇ ਪਾਰਟੀ ਦੀ ਭਰਤੀ ਮੁਹਿੰਮ ਸਮੇਤ ਜਥੇਬੰਦਕ ਢਾਂਚੇ ਦੇ ਪੁਨਰਗਠਨ ਸਮੇਤ ਫੈਸਲਾ ਲਏ ਜਾਣਗੇ। ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਪਾਰਟੀ ਦੇ ਮੁੱਖ ਦਫਤਰ ਵਿੱਚ ਹੋਵੇਗੀ। ਉਨ੍ਹਾਂ ਪੁਸ਼ਟੀ ਕੀਤੀ ਕਿ ਮੀਟਿੰਗ ਵਿੱਚ ਸੁਖਬੀਰ ਬਾਦਲ ਦੇ ਅਸਤੀਫੇ ਬਾਰੇ ਵਿਚਾਰ-ਵਟਾਂਦਰਾ ਕਰਨ ਤੋਂ ਇਲਾਵਾ ਪਾਰਟੀ ਦੀ ਮੈਂਬਰਸ਼ਿਪ ਭਰਤੀ ਦੇ ਪ੍ਰੋਗਰਾਮ ਤੋਂ ਇਲਾਵਾ ਸੂਬੇ ਨੂੰ ਦਰਪੇਸ਼ ਹੋਰ ਮਸਲਿਆਂ ’ਤੇ ਫੈਸਲੇ ਲਏ ਜਾਣਗੇ।
ਦੱਸ ਦਈਏ ਕਿ ਇਸ ਵਾਰ ਮਾਘੀ ਮੇਲੇ ਦੌਰਾਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੱਡੇ ਪੰਥਕ ਇਕੱਠ ਹੋ ਰਹੇ ਹਨ। ਇਸ ਦੌਰਾਨ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਵੱਲੋਂ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਵੇਗਾ। ਇਸ ਲਈ ਗਰਮ ਖਿਆਲੀਆਂ ਵੱਲੋਂ ਵੱਡੀ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ। ਨਵੀਂ ਪਾਰਟੀ ਦੀ ਚਰਚਾ ਮਗਰੋਂ ਸ਼੍ਰੋਮਣੀ ਅਕਾਲੀ ਦਲ ਅਲਰਟ ਹੋ ਗਿਆ ਹੈ। ਹਾਲਾਤ ਨੂੰ ਵੇਖਦਿਆਂ ਸੁਖਬੀਰ ਬਾਦਲ ਖੁਦ ਮੈਦਾਨ ਵਿੱਚ ਆ ਗਏ ਹਨ। ਉਹ ਅੰਮ੍ਰਿਤਪਾਲ ਸਿੰਘ ਖਿਲਾਫ ਖੁੱਲ੍ਹ ਕੇ ਬੋਲ ਰਹੇ ਹਨ।
ਇਸ ਤੋਂ ਇਲਾਵਾ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਲਾਂਭੇ ਕਰਨ ਦਾ ਮੁੱਦਾ ਵੀ ਗਰਮਾਇਆ ਹੋਇਆ ਹੈ। ਮਾਘੀ ਮੇਲੇ ਦੌਰਾਨ ਇਹ ਮੁੱਦਾ ਵੀ ਅਕਾਲੀ ਦਲ ਲਈ ਮੁਸੀਬਤ ਖੜ੍ਹੀ ਕਰ ਸਕਦਾ ਹੈ। ਇਸ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਦੋ ਦਸੰਬਰ ਨੂੰ ਦਿੱਤੇ ਗਏ ਆਦੇਸ਼ ਵੀ ਅਕਾਲੀ ਦਲ ਨੇ ਅਜੇ ਲਾਗੂ ਨਹੀਂ ਕੀਤੇ। ਇਸ ਤੋਂ ਜਥੇਦਾਰ ਕਾਫੀ ਨਾਰਾਜ਼ ਹਨ। ਉਨ੍ਹਾਂ ਨੇ ਲੰਘੇ ਦਿਨ ਹੀ ਅਕਾਲੀ ਦਲ ਨੂੰ ਝਾੜ ਪਾਈ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਏ।