ਸੁਖਬੀਰ ਨੂੰ ਆਪਣੀ ਹਾਰ ਦਾ ਗਮ ਨਹੀਂ ਸਗੋਂ 'ਆਪ' ਦੇ ਸਫਾਏ ਦੀ ਖੁਸ਼ੀ!
ਏਬੀਪੀ ਸਾਂਝਾ | 31 May 2018 05:27 PM (IST)
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼ਾਹਕੋਟ ਜ਼ਿਮਨੀ ਚੋਣ ਵਿੱਚ ਆਪਣੀ ਹਾਰ ਦਾ ਗਮ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਸਫਾਏ ਦੀ ਖੁਸ਼ੀ ਹੈ। ਉਨ੍ਹਾਂ ਕਿਹਾ ਕਿ 'ਆਪ' ਦਾ ਜ਼ਿਮਨੀ ਚੋਣ ਵਿੱਚ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਹੈ ਤੇ ਅਕਾਲੀ ਦਲ ਮੁੱਖ ਵਿਰੋਧੀ ਪਾਰਟੀ ਵਜੋਂ ਮਜ਼ਬੂਤ ਹੋ ਕੇ ਉੱਭਰਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ 2017 ਵਿਧਾਨ ਸਭਾ ਚੋਣਾਂ ਦੌਰਾਨ ਪਈਆਂ 46,913 ਵੋਟਾਂ ਦੇ ਮੁਕਬਾਲੇ ਜ਼ਿਮਨੀ ਚੋਣ ਵਿਚ 43,944 ਵੋਟਾਂ ਹਾਸਲ ਕਰਕੇ ਆਪਣੀ ਵੋਟ ਹਿੱਸੇਦਾਰੀ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ 'ਆਪ' ਦਾ ਜ਼ਿਮਨੀ ਚੋਣ ਵਿੱਚ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਹੈ। ਸਿਰਫ 1900 ਵੋਟਾਂ ਪੈਣ ਨਾਲ ਇਸ ਪਾਰਟੀ ਦੀ ਵੋਟ ਹਿੱਸੇਦਾਰੀ ਮਹਿਜ਼ 1.5 ਫੀਸਦੀ 'ਤੇ ਅਟਕ ਗਈ ਹੈ, ਜੋ ਨੋਟਾ ਤੇ ਅਕਾਲੀ ਦਲ ਅੰਮ੍ਰਿਤਸਰ ਨੂੰ ਮਿਲੀ ਵੋਟ ਹਿੱਸੇਦਾਰੀ ਤੋਂ ਮਾਮੂਲੀ ਜਿਹੀ ਵੱਧ ਹੈ। ਉਨ੍ਹਾਂ ਕਿਹਾ ਕਿ 'ਆਪ' ਦੀ ਹਾਲਤ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਕਈ ਪਿੰਡਾਂ ਵਿੱਚ ਤਾਂ ਇਹ ਖਾਤਾ ਵੀ ਨਹੀਂ ਖੋਲ੍ਹ ਪਾਈ। ਇਸ ਤਰ੍ਹਾਂ ਇੱਕ ਸਿਆਸੀ ਧਿਰ ਵਜੋਂ ਪੰਜਾਬ ਵਿੱਚ 'ਆਪ' ਦੀ ਹੋਂਦ ਖ਼ਤਮ ਹੋ ਗਈ ਹੈ। ਸੁਖਬੀਰ ਨੇ ਕਿਹਾ ਕਿ ਸ਼ਾਹਕੋਟ ਚੋਣ ਬਹੁਤ ਹੀ ਚੁਣੌਤੀਪੂਰਨ ਹਾਲਾਤ ਵਿੱਚ ਲੜੀ ਗਈ ਸੀ। ਕਾਂਗਰਸ ਸਰਕਾਰ ਐਕਸਾਈਜ਼, ਸੇਲਜ਼ ਟੈਕਸ, ਪੰਚਾਇਤ ਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਦਾ ਇਸਤੇਮਾਲ ਕਰਕੇ ਸਾਰੇ ਲੋਕਤੰਤਰੀ ਸਿਧਾਂਤਾਂ ਨੂੰ ਪੈਰਾਂ ਥੱਲੇ ਕੁਚਲ ਰਹੀ ਸੀ। ਪੁਲਿਸ ਅਧਿਕਾਰੀਆਂ ਰਾਹੀਂ ਵੋਟਰਾਂ ਨੂੰ ਧਮਕਾਇਆ ਜਾ ਰਿਹਾ ਸੀ।