Purchase of paddy: ਪੰਜਾਬ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਅਕਾਲੀ ਦਲ ਨੇ ਮਾਨ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਝੋਨਾ ਹਾਲੇ ਖੇਤਾਂ ਵਿੱਚ ਖੜ੍ਹਾ ਹੈ ਪੰਜਾਬ ਸਰਕਾਰ ਨੇ ਮੰਡੀਆਂ ਬੰਦ ਕਰਨ ਦਾ ਫੈਸਲਾ ਲਿਆ ਹੈ ਜੋ ਸਰਾਸਰ ਗਲਤ ਹੈ। ਵੇਰਵੇ ਦਿੰਦੇ ਹੋਏ ਬਾਦਲ ਨੇ ਕਿਹਾ ਕਿ ਮੇਰੇ ਲੋਕ ਸਭਾ ਹਲਕੇ ਫਿਰੋਜ਼ਪੁਰ ਵਿੱਚ 205 ਮੰਡੀਆਂ ਖੋਲ੍ਹੀਆਂ ਗਈਆਂ ਸਨ ਜਿਹਨਾਂ ਵਿਚੋਂ 198 ਬੰਦ ਕਰ ਦਿੱਤੀਆਂ ਗਈਆਂ। ਹੁਣ ਕਿਸਾਨ ਆਪਣੀ ਫਸਲ ਵੇਚਣ ਲਈ ਖੱਜਲ ਖੁਆਰ ਹੋ ਰਹੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਝੋਨੇ ਦੀ ਖਰੀਦ ਦੇ ਲਈ 1870 ਮੰਡੀਆਂ ਖੋਲ੍ਹੀਆਂ ਗਈਆਂ ਸਨ ਪਰ ਪੰਜਾਬ ਸਰਕਾਰ ਨੇ 1560 ਦਾਣਾ ਮੰਡੀਆਂ ਨੂੰ ਬੰਦ ਕਰਨ ਦਿੱਤਾ। ਕਿਸਾਨਾਂ ਦੇ ਰੋਸ ਤੋਂ ਬਾਅਦ ਫਿਰ 213 ਮੰਡੀਆਂ ਨੂੰ ਖੋਲ੍ਹਿਆ ਪਰ ਇੰਨੀਆਂ ਮੰਡੀਆਂ ਨਾਲ ਕਿਵੇਂ ਝੋਨੇ ਦੀ ਖਰੀਦ ਸਿਰੇ ਚੜ੍ਹੇਗੀ। ਕਿਸਾਨਾਂ ਦੀ ਫਸਲ ਹਾਲੇ ਤੱਕ ਵੀ ਖੇਤਾਂ ਵਿੱਚ ਖੜ੍ਹੀ ਹੈ।
ਪੰਜਾਬ ਵਿੱਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਈ ਸੀ ਤੇ 623 ਆਰਜ਼ੀ ਖ਼ਰੀਦ ਕੇਂਦਰ ਐਲਾਨੇ ਗਏ ਸਨ। ਮੁੱਖ ਤੌਰ ’ਤੇ ਸੂਬੇ ’ਚ 1372 ਖ਼ਰੀਦ ਕੇਂਦਰ, 283 ਸਬ ਯਾਰਡ ਤੇ 151 ਮੁੱਖ ਯਾਰਡ ਬਣਾਏ ਗਏ ਸਨ। ਰੈਗੂਲਰ ਤੇ ਆਰਜ਼ੀ ਖ਼ਰੀਦ ਕੇਂਦਰਾਂ ਦੀ ਕੁਲ ਗਿਣਤੀ 2477 ਸੀ, ਜਿਨ੍ਹਾਂ ’ਚੋਂ 54 ਫ਼ੀਸਦ (1348) ਖਰੀਦ ਕੇਂਦਰ ਬੰਦ ਕੀਤੇ ਗਏ ਸਨ
ਹੁਣ ਬਰਨਾਲਾ ਜ਼ਿਲ੍ਹੇ ’ਚ 39 ਮੰਡੀਆਂ, ਜਲੰਧਰ ਜ਼ਿਲ੍ਹੇ ’ਚ 23, ਮੋਗਾ ਜ਼ਿਲ੍ਹੇ ’ਚ 39, ਸੰਗਰੂਰ ਜ਼ਿਲ੍ਹੇ ’ਚ 58 ਅਤੇ ਫ਼ਰੀਦਕੋਟ ਜ਼ਿਲ੍ਹੇ ’ਚ 32 ਮੰਡੀਆਂ ਸਮੇਤ ਹੋਰ ਮੰਡੀਆਂ ਮੁੜ ਖੋਲ੍ਹੀਆਂ ਗਈਆਂ।
ਪੰਜਾਬ ਮੰਡੀ ਬੋਰਡ ਨੇ ਫ਼ਿਰੋਜ਼ਪੁਰ ਜ਼ਿਲ੍ਹੇ ’ਚ 205 ਖ਼ਰੀਦ ਕੇਂਦਰਾਂ ’ਚੋਂ 198 ਖ਼ਰੀਦ ਕੇਂਦਰ ਬੰਦ ਕਰ ਦਿੱਤੇ ਹਨ। ਗੁਰਦਾਸਪੁਰ ਜ਼ਿਲ੍ਹੇ ’ਚ 93 ’ਚੋਂ 83 ਮੰਡੀਆਂ ਨੂੰ ਬੰਦ ਕੀਤਾ ਗਿਆ ਹੈ ਤੇ ਸੰਗਰੂਰ ਜ਼ਿਲ੍ਹੇ ’ਚ 255 ’ਚੋਂ 74 ਮੰਡੀਆਂ ਨੂੰ ਬੰਦ ਕੀਤਾ ਗਿਆ ਸੀ।