ਦਰਬਾਰ ਸਾਹਿਬ ਪੁੱਜੇ ਸੁਖਬੀਰ ਬਾਦਲ ਨੂੰ ਜਦ ਨਵਜੋਤ ਸਿੱਧੂ ਦੇ ਅਸਤੀਫ਼ੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਕਾਂਗਰਸ ਪਾਰਟੀ ਦਾ ਨਿੱਜੀ ਮਾਮਲਾ ਹੈ ਪਰ ਨਵਜੋਤ ਸਿੱਧੂ ਕੋਲ ਜਿੰਨਾ ਵੱਡਾ ਵਿਭਾਗ ਸੀ, ਉਨ੍ਹਾਂ ਕੋਲ ਬਹੁਤ ਵਧੀਆ ਮੌਕਾ ਸੀ। ਉਨ੍ਹਾਂ ਕਿਹਾ ਕਿ ਸਿੱਧੂ ਅੰਮ੍ਰਿਤਸਰ ਸ਼ਹਿਰ ਤੇ ਗੁਰੂ ਨਗਰੀ ਦੀ ਨੁਹਾਰ ਬਦਲ ਸਕਦੇ ਸੀ।
ਸੁਖਬੀਰ ਨੇ ਕਿਹਾ ਕਿ ਅੱਜ ਅੰਮ੍ਰਿਤਸਰ ਸ਼ਹਿਰ ਦੀ ਹਾਲਤ ਦੇਖ ਲਓ ਜਿਸ ਤੋਂ ਨਵਜੋਤ ਸਿੱਧੂ ਦੀ ਕਾਰਗੁਜ਼ਾਰੀ ਦਾ ਹੀ ਪਤਾ ਲੱਗਦਾ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੁੱਖ ਸ਼ਹਿਰੀ ਸੀਟਾਂ ਹਾਰਨ ਪਿੱਛੇ ਨਵਜੋਤ ਸਿੱਧੂ ਦੇ ਵਿਭਾਗ ਦੀ ਮੰਦੀ ਕਾਰਗੁਜ਼ਾਰੀ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਸੀ।
ਸਿੱਧੂ ਤੋਂ ਇਲਾਵਾ ਸੁਖਬੀਰ ਬਾਦਲ ਨੇ ਬੇਅਦਬੀ ਮਾਮਲਿਆਂ ਬਾਰੇ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਆਪਣੀ ਪਾਰਟੀ ਦੇ ਪੱਖ ਵਿੱਚ ਵਰਤਿਆ। ਉਨ੍ਹਾਂ ਕਿਹਾ ਕਿ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੇ ਸਾਫ ਕਰ ਦਿੱਤਾ ਹੈ ਕਿ ਕਾਂਗਰਸ ਸਰਕਾਰ ਨੇ ਸੂਬੇ ਵਿੱਚ ਚੋਣਾਂ ਜਿੱਤਣ ਲਈ ਝੂਠੀ ਰਿਪੋਰਟ ਤਿਆਰ ਕੀਤੀ ਤੇ ਝੂਠੀ ਬਿਆਨਬਾਜ਼ੀ ਕੀਤੀ।
ਸੁਖਬੀਰ ਨੇ ਕਿਹਾ ਕਿ ਸੀਬੀਆਈ ਨੇ ਹੁਣ ਸਭ ਕੁਝ ਸਾਫ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਆਗੂ ਸੀਬੀਆਈ ਕੋਲ ਇਹ ਮੰਗ ਕਰਕੇ ਆਏ ਹਨ ਕਿ ਇਸ ਮਾਮਲੇ ਦੀ ਕਲੋਜ਼ਰ ਰਿਪੋਰਟ ਨਹੀਂ ਸਗੋਂ ਅਸਲੀ ਦੋਸ਼ੀ ਫੜੇ ਜਾਣੇ ਚਾਹੀਦੇ ਹਨ। ਉਨ੍ਹਾਂ ਕੈਪਟਨ ਸਰਕਾਰ ਵੱਲੋਂ ਬੇਅਦਬੀ ਤੇ ਗੋਲ਼ੀਕਾਂਡਾਂ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਦੇ ਅਫਸਰ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਕਾਰਗੁਜ਼ਾਰੀ ਉੱਪਰ ਵੀ ਸਵਾਲ ਚੁੱਕੇ।