ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਛੁੱਟੀ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵੱਲੋਂ ਜੀਕੇ ਵਿਰੁੱਧ ਪਾਸ ਮਤਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਮਨਜ਼ੂਰ ਕਰ ਲਿਆ ਹੈ। ਜੀਕੇ ਨੇ ਲੋਕ ਸਭਾ ਚੋਣਾਂ ਵਿੱਚ ਹਾਰ ਮਗਰੋਂ ਅਕਾਲੀ ਲੀਡਰਸ਼ਿਪ 'ਤੇ ਸਵਾਲ ਉਠਾਏ ਸੀ। ਇਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਕੋਰ ਕਮੇਟੀ ਨੇ ਉਨ੍ਹਾਂ ਖ਼ਿਲਾਫ਼ ਮਤਾ ਪਾਸ ਕੀਤਾ ਸੀ। ਕਮੇਟੀ ਨੇ ਮਤਾ ਪਾਸ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਭੇਜਿਆ ਸੀ। ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਤਾ ਸਵੀਕਾਰ ਕਰ ਜੀਕੇ ਦੀ ਛੁੱਟੀ ਕਰ ਦਿੱਤੀ ਹੈ। ਉਧਰ ਜੀਕੇ ਦਾ ਕਹਿਣਾ ਹੈ ਕਿ ਉਹ ਤਾਂ ਪਹਿਲਾਂ ਹੀ ਸਾਰੇ ਅਹੁਦਿਆਂ ਅਸਤੀਫੇ ਦੇ ਦਿੱਤੇ ਹਨ।

ਜੀਕੇ 'ਤੇ ਪਿਛਲੇ ਸਾਲ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ। ਇਸ ਮਗਰੋਂ ਉਨ੍ਹਾਂ ਨੇ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਜੀਕੇ ਇਸ ਮਾਮਲੇ ਵਿੱਚ ਪੁਲਿਸ ਕੇਸ ਦਾ ਵੀ ਸਾਹਮਣਾ ਕਰ ਰਹੇ ਹਨ। ਯਾਦ ਰਹੇ ਲੋਕ ਸਭਾ ਚੋਣਾਂ ਵਿੱਚ ਸਿਰਫ ਦੋ ਸੀਟਾਂ 'ਤੇ ਸਿਮਟ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਅੰਦਰ ਮੁੜ ਖਾਨਾਜੰਗੀ ਤੇਜ਼ ਹੋ ਗਈ ਹੈ। ਜੀਕੇ ਨੇ ਤਿੱਖੇ ਸਵਾਲ ਉਠਾਉਂਦਿਆਂ ਸਿੱਖ ਕੌਮ ਦੇ ਨਾਂ ਖੁੱਲ੍ਹੀ ਚਿੱਠੀ ਲਿਖੀ ਸੀ। ਇਸ ਚਿੱਠੀ ਵਿੱਚ ਉਨ੍ਹਾਂ ਨੇ ਪਾਰਟੀ ਲੀਡਰਸ਼ਿਪ 'ਤੇ ਸਵਾਲ ਉਠਾਇਆ ਸੀ।

ਜੀਕੇ ਦੀ ਚਿੱਠੀ ਨੇ ਪਾਇਆ ਪੁਆੜਾ

ਜੀਕੇ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਪੰਜਾਬ ’ਚ 2019 ਵਿੱਚ ਹੋਈਆਂ ਸੰਸਦੀ ਚੋਣਾਂ ਦੇ ਨਤੀਜਿਆਂ 'ਤੇ ਪੱਤਰਕਾਰ ਇਸ ਵਿਸ਼ਲੇਸ਼ਣ ਨਾਲ ਸਾਹਮਣੇ ਆਏ ਹਨ ਕਿ ਸਿੱਖਾਂ ਨੇ ਆਪਣੀ ਨੁਮਾਇੰਦਾ ਪਾਰਟੀ ਖ਼ਿਲਾਫ਼ ਆਪਣੀਆਂ ਸ਼ਿਕਾਇਤਾਂ ਵਿਖਾਉਂਦੇ ਹੋਏ ਅਕਾਲੀ ਉਮੀਦਵਾਰਾਂ ਨੂੰ ਨਾਂ-ਪੱਖੀ ਵੋਟ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਸਿੱਖ ਬੁੱਧੀਜੀਵੀਆਂ ਵਿੱਚ ਚਰਚਾ ਕਰਨ ਤੇ ਨਤੀਜਿਆਂ ਦਾ ਠੀਕ ਵਿਸ਼ਲੇਸ਼ਨ ਕਰਨ ਤੇ ਅਕਾਲੀ ਦਲ ਦੇ ਭਵਿੱਖ ਨੂੰ ਬਚਾਉਣ ਦੇ ਉਪਰਾਲਿਆਂ ਲਈ ਸੁਝਾਉ ਦੇਣ ਦਾ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਖ਼ਿਲਾਫ਼ ਸੱਤਾ ਵਿਰੋਧੀ ਮਾਹੌਲ ਸੀ, ਜਿਸ ਨੂੰ ਅਕਾਲੀ ਦਲ ਨੇ ਜਨਤਕ ਵੀ ਕੀਤਾ ਸੀ। ਇਸ ਦੇ ਨਾਲ ਹੀ ਕੈਪਟਨ ਵੱਲੋਂ ਗੁਟਕਾ ਸਾਹਿਬ ਉੱਤੇ ਸਹੁੰ ਲੈਣ ਦੇ ਮੁੱਦੇ ਨੂੰ ਵੀ ਪਾਰਟੀ ਨੇ ਪਰਗਟ ਕੀਤਾ ਸੀ। ਅਮਰਿੰਦਰ ਸਰਕਾਰ ਖ਼ਿਲਾਫ਼ ਸੱਤਾ ਵਿਰੋਧੀ ਮਾਹੌਲ ਵੀ 1952 ਦੀਆਂ ਚੋਣਾਂ ਤੋਂ ਬਾਅਦ ਪਾਰਟੀ ਨਾਲ ਹਮੇਸ਼ਾ ਵਫਾਦਾਰ ਰਹੇ ਰਿਵਾਇਤੀ ਅਕਾਲੀ ਖੰਡਾਂ ਵਿੱਚ ਸਿੱਖ ਵੋਟਰਾਂ ਨੂੰ ਵਾਪਸ ਪਾਰਟੀ ਨਾਲ ਜੋੜਨ ’ਚ ਸਹਾਇਕ ਨਹੀਂ ਹੋਏ। ਅੱਠ ਸੀਟਾਂ ਉੱਤੇ ਅਕਾਲੀ ਉਮੀਦਵਾਰ ਇਸ ਵਾਰ ਬੁਰੀ ਤਰ੍ਹਾਂ ਹਾਰ ਗਏ। ਸਭ ਤੋਂ ਵੱਡਾ ਨੁਕਸਾਨ ਪੰਥਕ ਸੀਟਾਂ ਖਡੂਰ ਸਾਹਿਬ ਤੇ ਫਤਿਹਗੜ੍ਹ ਸਾਹਿਬ ’ਤੇ ਹੋਇਆ ਤੇ ਕਾਂਗਰਸ ਨੇ ਵੱਡੀ ਜਿੱਤ ਪ੍ਰਾਪਤ ਕੀਤੀ।

ਉਨ੍ਹਾਂ ਕਿਹਾ ਕਿ ਇਸ ਸੱਚਾਈ ਦੇ ਬਾਵਜੂਦ ਕਿ ਚੋਣਾਂ ਤੋਂ ਪਹਿਲਾਂ 1984 ਦਾ ਮੁੱਦਾ ਇੱਕ ਕਾਂਗਰਸੀ ਆਗੂ ਵੱਲੋ ਸ਼ਤਰੁਤਾ ਪੂਰਨ ਤਰੀਕੇ ਨਾਲ ਦਿੱਤੇ ਗਏ ਬਿਆਨ ਕਾਰਨ ਉੱਬਲਿਆ ਹੋਇਆ ਸੀ ਪਰ ਇਸ ਦੇ ਬਾਵਜੂਦ ਸਿੱਖ ਕੌਮ ਦੇ ਦਿਮਾਗ ਨੂੰ ਬਦਲਣ ਵਿੱਚ ਕੋਈ ਮਦਦ ਨਹੀਂ ਮਿਲੀ। ਰਾਸ਼ਟਰੀ ਪੱਧਰ ਉੱਤੇ ਸੈਮ ਪਿਤਰੋਦਾ ਦੀ ‘ਹੋਇਆ ਤਾਂ ਹੋਇਆ’ ਟਿੱਪਣੀ ਆਉਣ ਦੇ ਬਾਅਦ ਸੱਚਾਈ ਸਾਡੇ ਪੱਖ ਵਿੱਚ ਸੀ। ਇਹ ਪਹਿਲੀ ਵਾਰ ਸੀ ਕਿ ਸਿੱਖਾਂ ਦੇ ਕਤਲੇਆਮ ਦਾ ਮੁੱਦਾ ਰਾਸ਼ਟਰੀ ਪੱਧਰ ਉੱਤੇ ਰਾਜਨੀਤਕ ਬਹਿਸ ਦੇ ਕੇਂਦਰ ’ਚ ਸੀ ਤੇ ਆਪਣੇ ਆਪ ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ਅੱਤਵਾਦ ਤੇ ਕਤਲੇਆਮ ਦੱਸਿਆ ਸੀ।