ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬੇਸ਼ੱਕ ਜਾਖੜ ਦੀ ਅਗਵਾਈ ਵਿੱਚ ਪਾਰਟੀ ਨੇ ਸੂਬੇ ਦੀਆਂ 13 ਵਿੱਚੋਂ ਅੱਠ ਲੋਕ ਸਭਾ ਸੀਟਾਂ ਜਿੱਤੀਆਂ ਸਨ, ਪਰ ਜਾਖੜ ਆਪਣੀ ਸੀਟ ਹਾਰ ਗਏ ਸੀ। ਹਾਰ ਦੀ ਨਮੋਸ਼ੀ ਕਰਕੇ ਜਾਖੜ ਨੇ ਪ੍ਰਧਾਨਗੀ ਛੱਡਣ ਦਾ ਫੈਸਲਾ ਕੀਤਾ ਹੈ।
ਰਾਹੁਲ ਗਾਂਧੀ ਦੇ ਨਾਲ-ਨਾਲ ਜਾਖੜ ਨੇ ਆਪਣਾ ਅਸਤੀਫ਼ਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭੇਜਿਆ ਹੈ। ਉਨ੍ਹਾਂ ਕਿਹਾ ਹੈ ਕਿ ਉਹ ਆਪਣੀ ਹੀ ਸੀਟ ਹਾਰ ਗਏ ਹਨ। ਇਸ ਦੀ ਜ਼ਿੰਮੇਵਾਰੀ ਲੈਂਦਿਆਂ ਉਹ ਇਖ਼ਲਾਕੀ ਆਧਾਰ 'ਤੇ ਆਪਣਾ ਅਹੁਦਾ ਛੱਡ ਰਹੇ ਹਨ। ਸੁਨੀਲ ਜਾਖੜ ਨੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ ਪਰ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਤੋਂ ਵੱਡੇ ਫਰਕ ਨਾਲ ਹਾਰ ਗਏ ਸਨ। ਇਸ ਲਈ ਉਹ ਆਪਣੇ ਅਹੁਦਿਓਂ ਲਾਂਭੇ ਹੋਣਾ ਚਾਹੁੰਦੇ ਹਨ। ਹਾਲਾਂਕਿ, ਹਾਲੇ ਤਕ ਜਾਖੜ ਦਾ ਅਸਤੀਫ਼ਾ ਪ੍ਰਵਾਨ ਨਹੀਂ ਹੋਇਆ। ਪਾਰਟੀ ਪ੍ਰਧਾਨ ਰਾਹੁਲ ਗਾਂਧੀ ਇਸ 'ਤੇ ਆਖ਼ਰੀ ਫੈਸਲਾ ਲੈਣਗੇ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ਸੀ, ਇਸ ਦੇ ਚੱਲਦਿਆਂ ਪਾਰਟੀ ਦੇ ਸਿਖਰਲੇ ਲੀਡਰ ਰਾਹੁਲ ਗਾਂਧੀ ਦੇ ਨਾਲ-ਨਾਲ ਹੋਰ ਵੀ ਕਈ ਸੂਬਾਈ ਆਗੂ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੀ ਪੇਸ਼ਕਸ਼ ਕਰ ਰਹੇ ਹਨ। ਉੱਧਰ, ਪਾਰਟੀ ਹਾਈਕਮਾਨ ਦੇ ਸਿਖਰਲੇ ਲੀਡਰ ਯਾਨੀ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਆਪਣੇ ਸੀਨੀਅਰ ਨੇਤਾਵਾਂ ਤੋਂ ਬਹੁਤੇ ਖੁਸ਼ ਨਹੀਂ ਹਨ, ਪਰ ਹਾਲੇ ਤਕ ਉਨ੍ਹਾਂ ਕਿਸੇ ਦੇ ਅਸਤੀਫ਼ੇ 'ਤੇ ਅੰਤਮ ਫੈਸਲਾ ਨਹੀਂ ਲਿਆ ਹੈ।