ਚੰਡੀਗੜ੍ਹ: ਵਿੱਦਿਅਕ ਸੈਸ਼ਨ 2019-20 ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਫ਼ੀਸਾਂ ਵੱਧ ਗਈਆਂ ਹਨ। ਸੈਨੇਟ ਨੇ ਐਤਵਾਰ ਨੂੰ ਆਉਣ ਵਾਲੇ ਵਿੱਦਿਅਕ ਵਰ੍ਹੇ ਲਈ ਨਵੇਂ ਦਾਖਲੇ ਲਈ 1,000 ਰੁਪਏ ਫ਼ੀਸ ਦਾ ਵਾਧਾ ਕਰਨ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਕੁਝ ਕੋਰਸਾਂ ਵਿੱਚ ਇਹ ਵਾਧਾ 10% ਤੋਂ ਵੱਧ ਹੈ। ਹਾਲਾਂਕਿ, ਸਾਲ 2017 ਵਿੱਚ ਵੀ ਯੂਨੀਵਰਸਿਟੀ ਨੇ ਫ਼ੀਸਾਂ ਵਧਾਈਆਂ ਸੀ, ਜਿਸ ਦੇ ਵਿਰੋਧ  ਵਿੱਚ ਵਿਦਿਆਰਥੀਆਂ ਨੇ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਪੁਲਿਸ ਦੇ ਲਾਠੀਚਾਰਜ ਮਗਰੋਂ ਮਾਹੌਲ ਕਾਫੀ ਤਣਾਅਪੂਰਨ ਵੀ ਹੋ ਗਿਆ ਸੀ।


ਟੀਓਆਈ ਦੀ ਰਿਪੋਰਟ ਮੁਤਾਬਕ 2019-20 ਸੈਸ਼ਨ ਵਿੱਚ ਨਵੇਂ ਦਾਖਲੇ ਲਈ ਸਵੈ-ਵਿੱਤ ਸਬੰਧੀ ਕੋਰਸਾਂ ਲਈ ਫ਼ੀਸ ਵਾਧੇ 7.5% ਹੈ, ਜੋ ਵੱਧ ਤੋਂ ਵੱਧ 7,500 ਪ੍ਰਤੀ ਸਾਲ ਦੇ ਅਧੀਨ ਹੈ। 1,000 ਰੁਪਏ ਦੀ ਫ਼ੀਸ ਵਾਧੇ ਵਿੱਚ 500 ਰੁਪਏ ਦੇ ਵਿਕਾਸ ਖਰਚੇ ਸ਼ਾਮਲ ਹਨ ਜੋ ਕਿ ਵੁਮੈਨ ਸਟੱਡੀਜ਼ ਅਤੇ ਡਿਵੈਲਪਮੈਂਟ, ਡਿਫੈਂਸ ਸਟੱਡੀਜ਼, ਇਕਨੌਮਿਕਸ ਐਜੂਕੇਸ਼ਨ, ਇੰਗਲਿਸ਼, ਆਰਟ ਹਿਸਟਰੀ, ਫਰੈਂਚ ਭੂਗੋਲਿਕ ਗਾਂਧੀਅਨ ਸਟੱਡੀਜ਼, ਹਿੰਦੀ, ਇਤਿਹਾਸ, ਇੰਡੀਅਨ ਥੀਏਟਰ, ਪੰਜਾਬੀ, ਫ਼ਿਲੌਸਫ਼ੀ ਅਤੇ ਪਬਲਿਕ ਐਡਮਿਨਿਸਟ੍ਰੇਸ਼ਨ ਵਿੱਚ 11.3% ਬਣਦਾ ਹੈ।

ਹਾਲਾਂਕਿ, ਕੁਝ ਕੋਰਸਾਂ ਵਿੱਚ, ਵਾਧਾ ਦੋ ਤੋਂ ਪੰਜ ਫ਼ੀਸਦ ਹੈ, ਜਿਵੇਂ ਕਿ ਬੀਐਸਸੀ ਦੇ ਬਾਇਓਤਕਨਾਲੋਜੀ ਵਿੱਚ ਫ਼ੀਸ ਵਾਧਾ ਪੰਜ ਫ਼ੀਸਦ ਅਤੇ ਐਮਐਸਸੀ ਬਾਇਓਤਕਨਾਲੋਜੀ 2.5% ਹੈ। ਨਵੇਂ ਦਾਖਲੇ ਲਈ ਬੀਐਸਸੀ ਐਂਥਰੋਪੋਲੋਜੀ ਵਿੱਚ ਫ਼ੀਸ ਵਾਧਾ 8.7% ਅਤੇ ਐਮਐਸਸੀ ਐਂਥਰੋਪੋਲੋਜੀ 'ਚ ਵਾਧਾ 9% ਹੈ।

2019-20 ਵਿੱਚ ਨਵੇਂ ਆਏ ਵਿਦਿਆਰਥੀਆਂ ਲਈ, 500 ਰੁਪਏ ਸਾਲਾਨਾ ਵਾਧਾ ਹੋਵੇਗਾ ਅਤੇ ਇਸ ਤੋਂ ਬਾਅਦ ਦੇ ਸਾਲਾਂ ਵਿੱਚ ਇਹ ਪੰਜ ਫ਼ੀਸਦ ਦੀ ਦਰ ਨਾਲ ਵਧਾਏ ਜਾਣਗੇ। ਰਵਾਇਤੀ ਵਿਭਾਗਾਂ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ, ਸਾਲਾਨਾ 500 ਰੁਪਏ ਦੀ ਡਿਵੈਲਪਮੈਂਟ ਫ਼ੀਸ ਵੀ ਵਿਦਿਆਰਥੀਆਂ ਵੱਲੋਂ ਵਸੂਲ ਕੀਤੀ ਜਾਵੇਗੀ।