Shiromani Akali Dal: ਸ਼੍ਰੋਮਣੀ ਅਕਾਲੀ ਦਲ ਹੁਣ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ। ਇੱਕ ਧੜੇ ਦੀ ਕਮਾਨ ਸੁਖਬੀਰ ਬਾਦਲ ਦੇ ਹੱਥ ਹੈ ਤੇ ਦੂਜੇ ਧੜੇ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਿਆ ਹੈ। ਹੁਣ ਦੋਵਾਂ ਧੜਿਆਂ ਵਿਚਾਲੇ ਅਕਾਲੀ ਦਲ ਦੇ ਅਸਲ ਵਾਰਿਸ ਦੀ ਲੜਾਈ ਹੋਏਗੀ। ਬਾਦਲ ਧੜਾ ਦਾਅਵਾ ਕਰ ਰਿਹਾ ਹੈ ਕਿ ਪਾਰਟੀ ਦਾ ਚੋਣ ਨਿਸ਼ਾਨ ਤੇ ਦਫਤਰ ਉਨ੍ਹਾਂ ਕੋਲ ਹੀ ਹੈ। ਇਸ ਲਈ ਅਸਲ ਅਕਾਲੀ ਦਲ ਉਨ੍ਹਾਂ ਦਾ ਹੀ ਹੈ। ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਚੋਣ ਨਿਸ਼ਾਨ ਤੱਕੜੀ ਤੇ ਦਫਤਰ ਉਪਰ ਆਪਣਾ ਦਾਅਵਾ ਪੇਸ਼ ਕਰ ਦਿੱਤਾ ਹੈ। 

ਇਸ ਤੋਂ ਤੈਅ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਧੜਾ ਚੋਣ ਨਿਸ਼ਾਨ ਤੱਕੜੀ ਲਈ ਲੜਾਈ ਲੜੇਗਾ। ਸਿਆਸੀ ਤੇ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਬਾਦਲ ਧੜੇ ਤੋਂ ਤੱਕੜੀ ਨਿਸ਼ਾਨ ਤੇ ਦਫਤਰ ਖੁੱਸ ਵੀ ਸਕਦਾ ਹੈ। ਇਸ ਪਿੱਛੇ ਦਲੀਲ ਇਹ ਹੈ ਕਿ ਇਸ ਵੇਲੇ ਅਕਾਲੀ ਦਲ ਦੇ ਸਿਰਫ ਤਿੰਨ ਵਿਧਾਇਕ ਹਨ। ਉਨ੍ਹਾਂ ਵਿੱਚੋਂ ਇੱਕ ਸੁਖਵਿੰਦਰ ਸੁੱਖੀ 'ਆਪ' ਵਿੱਚ ਚਲੇ ਗਏ ਹਨ। ਇਸ ਵੇਲੇ ਉਹ ਅਕਾਲੀ ਦਲ ਦੇ ਨਿਸ਼ਾਨ 'ਤੇ ਵਿਧਾਨ ਸਭਾ ਵਿੱਚ ਵਿਧਾਇਕ ਹਨ। ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਨਹੀਂ ਕੀਤਾ ਗਿਆ। 

ਇਸ ਤੋਂ ਇਲਾਵਾ ਵਿਧਾਇਕ ਮਨਪ੍ਰੀਤ ਇਆਲੀ ਪਹਿਲਾਂ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਖੇਮੇ ਵਿੱਚ ਹਨ। ਤੀਜੀ ਵਿਧਾਇਕ ਗਨੀਵ ਕੌਰ ਮਜੀਠੀਆ ਹਨ। ਉਹ ਸੁਖਬੀਰ ਬਾਦਲ ਦੀ ਰਿਸ਼ਤੇਦਾਰ ਤੇ ਬਿਕਰਮ ਮਜੀਠੀਆ ਦੀ ਪਤਨੀ ਹਨ। ਮਜੀਠੀਆ ਤੇ ਸੁਖਬੀਰ ਵਿਚਕਾਰ ਵੀ ਹਾਲਾਤ ਗੜਬੜਾ ਗਏ ਹਨ। ਜੇਕਰ ਤਿੰਨ ਵਿੱਚੋਂ ਦੋ ਵਿਧਾਇਕ ਇੱਕ ਧਿਰ ਨੂੰ ਵੋਟ ਦੇ ਦਿੰਦੇ ਹਨ ਤਾਂ ਚੋਣ ਕਮਿਸ਼ਨ ਇਸ ਨੂੰ ਹੱਕਦਾਰ ਸਮਝੇਗਾ ਤੇ ਮਾਨਤਾ ਦੇ ਦੇਵੇਗਾ। ਇਸ ਲਈ ਬਾਦਲ ਧੜੇ ਤੋਂ ਤੱਕੜੀ ਨਿਸ਼ਾਨ ਤੇ ਦਫਤਰ ਖੁੱਸਣ ਦੇ ਆਸਾਰ ਹਨ।

ਇਸੇ ਕਾਨੂੰਨੀ ਨੁਕਤੇ ਨੂੰ ਲੈ ਕੇ ਹੀ ਗਿਆਨੀ ਹਰਪ੍ਰੀਤ ਸਿੰਘ ਦਾ ਧੜਾ ਸੁਖਬੀਰ ਬਾਦਲ ਨੂੰ ਘੇਰਨ ਦੀਆਂ ਤਿਆਰੀਆਂ ਕਰ ਰਿਹਾ ਹੈ। ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਬੈਂਕ ਖਾਤੇ ਖੋਲ੍ਹਣ ਤੋਂ ਲੈ ਕੇ ਲੈਟਰ ਪੈਡ ਛਾਪਣ ਤੱਕ ਸਭ ਕੁਝ ਕੀਤਾ ਜਾ ਰਿਹਾ ਹੈ। ਜੇਕਰ ਬਾਦਲ ਧੜਾ ਇਸ ਮਾਮਲੇ ਬਾਰੇ ਸ਼ਿਕਾਇਤ ਲੈ ਕੇ ਚੋਣ ਕਮਿਸ਼ਨ ਕੋਲ ਜਾਂਦਾ ਹੈ ਤਾਂ ਦੋਵੇਂ ਧਿਰਾਂ ਮੈਂਬਰਸ਼ਿਪ ਦਾ ਦਾਅਵਾ ਕਰਨਗੀਆਂ। ਫਿਰ ਮਾਮਲਾ ਚੋਣ ਕਮਿਸ਼ਨ ਕੋਲ ਫਸ ਜਾਵੇਗਾ। ਗਿਆਨੀ ਹਰਪ੍ਰੀਤ ਸਿੰਘ ਦਾ ਧੜਾ 15 ਲੱਖ ਮੈਂਬਰਸ਼ਿਪ ਦੇ ਪੂਰੇ ਦਸਤਾਵੇਜ਼ ਕਮਿਸ਼ਨ ਨੂੰ ਭੇਜੇਗਾ ਤੇ ਦਾਅਵਾ ਕਰੇਗਾ ਕਿ ਉਨ੍ਹਾਂ ਦਾ ਅਕਾਲੀ ਦਲ ਹੀ ਅਸਲੀ ਹੈ।

ਇਸ ਕਰਕੇ ਹੀ ਬਾਦਲ ਧੜਾ ਫਿਕਰਮੰਦ ਹੈ ਕਿਉਂਕਿ ਮਹਾਰਾਸ਼ਟਰ ਦੀ ਮਿਸਾਲ ਵੀ ਅਜਿਹੀ ਹੈ। ਮਹਾਰਾਸ਼ਟਰ ਵਿੱਚ ਅਜਿਹੀ ਨੀਤੀ ਪਹਿਲਾਂ ਹੀ ਸਫਲ ਹੋ ਚੁੱਕੀ ਹੈ। ਉੱਥੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਤੇ ਸ਼ਿਵ ਸੈਨਾ ਬਾਲ ਠਾਕਰੇ ਸਮੂਹ ਦੇ ਬਾਗ਼ੀ ਆਗੂਆਂ ਨੇ ਵੀ ਆਪੋ-ਆਪਣੇ ਪਾਰਟੀਆਂ ਦੇ ਚੋਣ ਚਿੰਨ੍ਹ ਕਾਨੂੰਨੀ ਤੌਰ 'ਤੇ ਪ੍ਰਾਪਤ ਕਰ ਲਏ ਹਨ। ਇਸ ਕਰਕੇ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਨੂੰ ਲੱਗ ਰਿਹਾ ਹੈ ਕਿ ਬਾਦਲ ਧੜੇ ਤੋਂ ਚੋਣ ਨਿਸ਼ਾਨ ਤੇ ਦਫਤਰ ਹਾਸਲ ਕਰ ਲਏ ਜਾਣਗੇ।

ਸੁਖਬੀਰ ਬਾਦਲ ਧੜੇ ਕੋਲ ਦੂਜੀ ਤਾਕਤ ਸ਼੍ਰੋਮਣੀ ਕਮੇਟੀ ਹੈ। ਸੋਮਵਾਰ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਨ ਦੇ ਸਮਾਰੋਹ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਕਿ ਸਰਕਾਰ 'ਤੇ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਲਈ ਦਬਾਅ ਪਾਇਆ ਜਾਵੇ ਤੇ ਚੋਣਾਂ ਜਲਦੀ ਕਰਵਾਈਆਂ ਜਾਣ। ਜੇਕਰ ਸ਼੍ਰੋਮਣੀ ਕਮੇਟੀ ਚੋਣਾਂ ਹੁੰਦੀਆਂ ਹਨ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਮੌਜੂਦਾ ਮਾਹੌਲ ਵਿੱਚ ਫਾਇਦਾ ਹੋ ਸਕਦਾ ਹੈ। ਸੋ ਪੰਥ ਦੀ ਸਿਆਸਤ ਉਸ ਕੋਲ ਹੀ ਹੋਏਗੀ ਜਿਸ ਕੋਲ ਸ਼੍ਰੋਮਣੀ ਕਮੇਟੀ ਹੋਏਗੀ।