ਚੰਡੀਗੜ੍ਹ: ਬੇਅਦਬੀ ਮਾਮਲਿਆਂ 'ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਸੂਤੇ ਘਿਰਦੇ ਦਿਖਦੇ ਹਨ। ਯੂਨਾਈਟਿਡ ਸਿੱਖ ਮੂਵਮੈਂਟ ਦੇ ਲੀਡਰ ਕੈਪਟਨ ਚੰਨਣ ਸਿੰਘ ਸਿੱਧੂ ਨੇ ਸੁਖਬੀਰ 'ਤੇ ਮਾਨਹਾਨੀ ਦਾ ਕੇਸ ਦਰਜ ਕਰਨ ਦਾ ਐਲਾਨ ਕੀਤਾ ਹੈ। ਸੁਖਬੀਰ ਬਾਦਲ ਨੇ ਇਲਜ਼ਾਮ ਲਾਏ ਸੀ ਕਿ ਕੈਪਟਨ ਚੰਨਣ ਸਿੰਘ ਸਿੱਧੂ ਦੇ ਮੁੱਲਾਂਪੁਰ ਸਥਿਤ ਫਾਰ ਹਾਊਸ 'ਚ ਜਸਟਿਸ ਰਣਜੀਤ ਸਿੰਘ ਕਮਸ਼ਨ ਦੀ ਰਿਪੋਰਟ ਸਬੰਧੀ ਮੀਟਿੰਗਾਂ ਹੋਈਆਂ ਸੀ।


ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਰਿਪੋਰਟ 'ਚ ਅਕਾਲੀ ਦਲ ਦਾ ਨਾਂ ਆਉਣ 'ਤੇ ਇਸ ਦਾ ਵਿਰੋਧ ਕਰ ਰਹੇ ਹਨ। ਪਿਛਲੇ ਦਿਨਾਂ ਤੋਂ ਪੋਸਟਰਾਂ 'ਤੇ ਕੈਪਟਨ ਸਿੱਧੂ ਦੇ ਫਾਰਮ ਹਾਊਸ ਦੀਆਂ ਤਸਵੀਰਾਂ ਲਾ ਕੇ ਦੋਸ਼ ਲਾ ਰਹੇ ਹਨ ਕਿ ਉਨ੍ਹਾਂ ਦੇ ਫਾਰਮ ਹਾਊਸ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਬੰਧੀ ਮੀਟਿੰਗਾਂ ਕੀਤੀਆਂ ਗਈਆਂ ਹਨ। ਇਨ੍ਹਾਂ ਮੀਟਿੰਗਾਂ 'ਚ ਜਸਟਿਸ ਰਣਜੀਤ ਸਿੰਘ, 'ਆਪ' ਵਿਧਾਇਕ ਸੁਖਪਾਲ ਖਹਿਰਾ, ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ, ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਦੇ ਸ਼ਾਮਲ ਹੋਣ ਦੇ ਦਾਅਵੇ ਹਨ।


ਕੈਪਟਨ ਸਿੱਧੂ ਨੇ ਇਸ ਮਾਮਲੇ 'ਚ ਸੁਖਬੀਰ ਬਾਦਲ 'ਤੇ ਵਰ੍ਹਦਿਆਂ ਕਿਹਾ ਕਿ ਜੇਕਰ ਸੁਖਬੀਰ ਹਾਮੀ ਭਰੇ ਤਾਂ ਉਹ ਇਸ ਮਾਮਲੇ 'ਚ ਝੂਠ ਫੜਨ ਵਾਲਾ ਟੈਸਟ ਕਰਾਉਣ ਲਈ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਮੈਂ ਜ਼ਿੰਦਗੀ 'ਚ ਕਦੇ ਵੀ ਖਹਿਰਾ ਤੇ ਜਸਟਿਸ ਰਣਜੀਤ ਸਿੰਘ ਨੂੰ ਨਹੀਂ ਮਿਲਿਆ ਤੇ ਨਾ ਹੀ ਦਾਦੂਵਾਲ, ਧਿਆਨ ਸਿੰਘ ਮੰਡ, ਕੈਬਨਿਟ ਮੰਤਰੀ ਰੰਧਾਵਾ ਤੇ ਬਾਜਵਾ ਮੇਰੇ ਘਰ ਆਏ ਹਨ।


ਦੂਜੇ ਪਾਸੇ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਕੋਲ ਕੈਪਟਨ ਸਿੱਧੂ ਦੇ ਫਾਰਮ ਹਾਊਸ 'ਚ ਹੋਈਆਂ ਮੀਟਿੰਗਾਂ ਦੇ ਸਬੂਤ ਹਨ ਜੋ ਟਾਵਰਾਂ ਦੀ ਲੋਕੇਸ਼ਨ ਮੁਤਾਬਕ ਹਨ। ਚੀਮਾਂ ਨੇ ਕਿਹਾ ਕਿ ਇਨ੍ਹਾਂ ਮੀਟਿੰਗਾਂ 'ਚ ਸ਼ਾਮਲ ਵਿਅਕਤੀ ਆਪੋ-ਆਪਣੇ ਮੋਬਾਈਲ ਫੋਨਾਂ ਤੋਂ ਕੀਤੀਆਂ ਕਾਲਾਂ ਦੀ ਰਿਕਾਰਡਿੰਗ ਜਨਤਕ ਕਰਨ ਤਾਂ ਜੋ ਸੱਚ ਸਾਹਮਣੇ ਆ ਸਕੇ। ਇਸ ਮੌਕੇ ਕੈਪਟਨ ਸਿੱਧੂ ਸਮੇਤ ਡਾ. ਭਗਵਾਨ ਸਿੰਘ ਤੇ ਹੋਰਾਂ ਨੇ ਸਿੱਖ ਭਾਈਚਾਰੇ ਨੂੰ ਅਕਾਲੀ ਦਲ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ।