ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਅੱਜ ਆਪਣਾ 100ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। 14 ਦਸੰਬਰ, 1920 ਨੂੰ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਰਥਨ ਤੇ ਸਿੱਖਾਂ ਦੀ ਆਵਾਜ਼ ਬਣ ਕੇ ਭਾਈਚਾਰੇ ਦੇ ਮਸਲਿਆਂ ਨੂੰ ਉਭਾਰਨ ਲਈ ਇਸ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ। ਇਸ ਦੌਰਾਨ ਅੱਜ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਸਚਖੰਡ ਸ਼੍ਰੀ ਹਰਮੰਦਿਰ ਸਾਹਿਬ ਪਹੁੰਚੇ। ਅਕਾਲੀ ਦਲ ਅੱਜ ਕਿਸਾਨਾਂ ਦੇ ਸਮਰਥਨ 'ਚ ਅੰਮ੍ਰਿਤਸਰ ਵਿਖੇ ਪ੍ਰਦਰਸ਼ਨ ਵੀ ਕਰ ਰਹੀ ਹੈ।


ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ "ਕੇਂਦਰ ਸਰਕਾਰ ਨੂੰ ਵਿਵਾਦਪੂਰਨ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਸਰਕਾਰ ਦਾ ਮਤਲਬ ਹੈ ਜਨਤਾ ਲਈ ਕਾਨੂੰਨ ਬਣਾਉਣਾ ਤੇ ਜੇਕਰ ਜਨਤਾ ਨੂੰ ਕਾਨੂੰਨ ਪਸੰਦ ਹੀ ਨਹੀਂ ਹਨ ਤਾਂ ਕਾਨੂੰਨ ਬਣਾਉਣ ਦਾ ਕੀ ਫਾਇਦਾ। ਇਸ ਲਈ ਅੰਮ੍ਰਿਤਸਰ ਵਿੱਚ ਬੈਠੇ ਬੀਜੇਪੀ ਦੇ ਨੇਤਾਵਾਂ ਨੂੰ ਦਿੱਲੀ ਜਾ ਕੇ ਆਪਣੇ ਆਲਾ ਨੇਤਾਵਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਸਮੇਂ ਕੀ ਮਾਹੌਲ ਹੈ।"

ਉਨ੍ਹਾਂ ਨੇ ਕਿਹਾ ਕਿ "ਜੇਕਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਮੰਤਰੀ ਹੁੰਦੇ ਤਾਂ ਅਜਿਹੇ ਕਾਨੂੰਨ ਕਦੇ ਨਹੀਂ ਬਣਾਉਂਦੇ। ਜੋ ਕਾਨੂੰਨ ਬਣਾਏ ਗਏ ਹਨ, ਉਸ ਤੋਂ ਕਿਸਾਨਾਂ ਨੂੰ ਨੁਕਸਾਨ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਸਭ ਤੋਂ ਵੱਡੀ ਪਾਰਟੀ ਹੈ। ਅਕਾਲੀ ਦਲ ਕਿਸਾਨੀ ਅੰਦੋਲਨ ਵਿੱਚ ਪੂਰਾ ਸਮਰਥਨ ਕਰ ਰਹੀ ਹੈ।"

ਸੁਖਬੀਰ ਬਾਦਲ ਨੇ ਕਿਹਾ "ਗਰੀਬ ਕਿਸਾਨ ਮਜ਼ਦੂਰ ਜਿਨ੍ਹਾਂ ਨੂੰ ਜ਼ਰੂਰਤ ਹੈ ਸਰਕਾਰ ਨੂੰ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹਾ ਰਹਿਣਾ ਚਾਹੀਦਾ ਹੈ। ਪੰਜਾਬ ਪਹਿਲਾਂ ਦੇਸ਼ ਵਿੱਚ ਇੱਕ ਨੰਬਰ ਉੱਤੇ ਮੰਨਿਆ ਜਾਂਦਾ ਸੀ ਪਰ ਹੁਣ ਪੰਜਾਬ ਬਹੁਤ ਪਿੱਛੇ ਚਲਾ ਗਿਆ ਹੈ ਤੇ ਜੇਕਰ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਤਰੱਕੀ ਕਰਨੀ ਪਵੇਗੀ।"

ਬਾਦਲ ਨੇ ਇਸ ਮੌਕੇ ਕੇਂਦਰ ਸਰਕਾਰ ਤੇ ਪਾਰਲੀਮੈਂਟ ਵਿੱਚ ਵੀ ਦਬਾਅ ਬਣਾਉਣ ਦੀ ਗੱਲ ਕਹੀ। ਅਕਾਲੀ ਦੇ ਹੋਰ ਸੀਨੀਅਰ ਲੀਡਰ ਤੇ ਵਰਕਰ ਵੀ ਇਸ ਧਰਨੇ ਪ੍ਰਦਰਸ਼ਨ ਵਿੱਚ ਪਹੁੰਚੇ ਸੀ।