ਚੰਡੀਗੜ੍ਹ: "ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਾਲਿਸਤਾਨੀਆਂ ਨਾਲ ਮੀਟਿੰਗਾਂ ਕਰ ਰਹੇ ਹਨ ਤੇ 'ਆਪ' ਦੇ ਲੀਡਰ ਵਿਦੇਸ਼ਾਂ 'ਚ ਜਾ ਕੇ ਖਾਲਿਸਤਾਨੀਆਂ ਨਾਲ ਸਟੇਜਾਂ ਸਾਂਝੀਆਂ ਕਰਦੇ ਹਨ।" ਇਹ ਇਲਜ਼ਾਮ ਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਤੋਂ 'ਆਮ ਆਦਮੀ ਪਾਰਟੀ ਨੂੰ ਹੋ ਰਹੀ ਵਿਦੇਸ਼ੀ ਫੰਡਿੰਗ ਦੀ ਜਾਂਚ ਦੀ ਮੰਗ ਕੀਤੀ ਹੈ।
ਬਾਦਲ ਨੇ ਅੱਜ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿੱਚ ਮੁਹਾਲੀ ਦੇ ਮੇਅਰ ਤੇ ਰੀਅਲ ਅਸਟੇਟ ਕਾਰੋਬਾਰੀ ਕੁਲਵੰਤ ਸਿੰਘ 13 ਕੌਂਸਲਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਨੂੰ ਵਿਦੇਸ਼ਾਂ 'ਚ ਬੈਠੇ ਖਾਲਿਸਤਾਨੀ ਵੱਡੇ ਪੱਧਰ 'ਤੇ ਫੰਡਿੰਗ ਕਰ ਰਹੇ ਹਨ ਤੇ 'ਆਪ' ਪੰਜਾਬ ਦਾ ਮਾਹੌਲ ਵਿਗਾੜਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬਹੁਤ ਸਾਰੀਆਂ ਸ਼ੱਕੀਆਂ ਸਰਗਰਮੀਆਂ ਕਰ ਰਹੀ ਹੈ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਆਈ.ਐਸ.ਆਈ. ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਤੇ ਇਸੇ ਲਈ ਪੰਜਾਬ 'ਚ ਹਿੰਸਾ ਘਟਨਾਵਾਂ ਕਰਵਾਈ ਜਾ ਰਹੀਆਂ ਹਨ।
ਆਰ.ਐਸ.ਐਸ. ਲੀਡਰ ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ 'ਚ ਗ੍ਰਿਫਤਾਰੀਆਂ ਸਬੰਧੀ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਚ ਕੋਈ ਜਾਣਕਾਰੀ ਮੀਡੀਆ ਨਾਲ ਸਾਂਝੀ ਨਹੀਂ ਕਰ ਸਕਦੇ ਕਿਉਂਕਿ ਇਸ ਨਾਲ ਜਾਂਚ ਪੜਤਾਲ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਜ਼ਰੂਰ ਹੈ ਜੋ ਲੋਕ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ ਉਹ ਹੀ ਅਜਿਹਾ ਕੁਝ ਕਰਵਾ ਰਹੇ ਹਨ।
ਜਾਅਲੀ ਗਊ ਰੱਖਿਅਕ ਦੇ ਕਾਰਵਾਈ ਦੇ ਮਾਮਲੇ 'ਚ ਸੁਖਬੀਰ ਨੇ ਕਿਹਾ ਕਿ ਅਜਿਹੇ ਅਨਸਰਾਂ ਖ਼ਿਲਾਫ ਕਾਰਵਾਈ ਹੋ ਰਹੀ ਹੈ ਤੇ ਜਲਦੀ ਹੀ ਕਾਨੂੰਨ ਮੁਤਾਬਕ ਇਨ੍ਹਾਂ ਦੀ ਗ੍ਰਿਫਤਾਰ ਵੀ ਹੋਵੇਗੀ। ਇਸ ਮੌਕੇ ਬਾਦਲ ਨੇ ਦਾਅਵਾ ਕੀਤਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ 'ਚ ਬਹੁਤ ਵਿਕਾਸ ਕਰਵਾਇਆ ਹੈ ਤੇ ਇਸੇ ਦੇ ਅਧਾਰ 'ਤੇ ਸੂਬੇ 'ਚ ਤੀਜੀ ਵਾਰ ਅਕਾਲੀ ਦਲ ਦੀ ਸਰਕਾਰ ਬਣੇਗੀ।