ਗੁਰਦਾਸਪੁਰ: ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ੁਦ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਤੇ ਬਟਾਲਾ ਵਿੱਚ ਹੋਈ ਮੀਟਿੰਗ ਨੂੰ 'ਫੋਟੋ ਰੈਲੀ' ਦਾ ਨਾਂ ਦੇ ਰਹੇ ਹਨ। ਇਸ ਦੇ ਨਾਲ ਹੀ ਉਹ ਹਰ ਵਰਕਰ ਨਾਲ ਫੋਟੋ ਖਿਚਵਾਉਂਦੇ ਵੀ ਨਜ਼ਰ ਆਏ। ਅੱਜ ਸੁਖਬੀਰ ਬਾਦਲ ਦੂਜੇ ਦਿਨ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ ਸਨ।

ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਗੁਰਦਾਸਪੁਰ ਇਲਾਕੇ ਦੇ ਦੋ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਈ ਲੋਕਾਂ 'ਤੇ ਝੂਠੇ ਕੇਸ ਦਰਜ ਕਰਵਾਏ ਹਨ। ਉਹ ਲੋਕ ਇਨ੍ਹਾਂ ਦੋਵਾਂ ਤੋਂ ਬੇਹੱਦ ਦੁਖੀ ਹਨ ਤੇ ਸਮਾਂ ਆਉਣ 'ਤੇ ਇਨ੍ਹਾਂ ਨੂੰ ਜਵਾਬ ਦੇਣਗੇ।

ਬੀਤੇ ਦਿਨ ਮੁਹਾਲੀ ਵਿੱਚ ਮਹਿਲਾ ਡਰੱਗ ਇੰਸਪੈਕਟਰ ਦੇ ਕਤਲ ਦੇ ਮਾਮਲੇ ਸਬੰਧੀ ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਪੰਜਾਬ ਵਿੱਚ ਕਾਨੂੰਨ ਤੇ ਵਿਵਸਥਾ ਦੀ ਹਾਲਤ ਖ਼ਸਤਾ ਹੋ ਗਈ ਹੈ ਤੇ ਸਰਕਾਰ ਵਰਗੀ ਕੋਈ ਗੱਲ ਨਹੀਂ ਹੈ।

ਇਸ ਤੋਂ ਇਲਾਵਾ ਉਨ੍ਹਾਂ ਹਰਿਆਣਾ ਸਿਵਲ ਸਰਵਿਸ ਦੇ ਟੈਸਟ ਵਿੱਚ ਸਿੱਖ ਵਿਦਿਆਰਥੀਆਂ ਦੇ ਧਾਰਮਿਕ ਕਕਾਰਾਂ 'ਤੇ ਲਾਈ ਰੋਕ ਦੀ ਵੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਤੁਰੰਤ ਇਹ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ।