ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਦੋਂ ਆਪਣੇ ਅਸਤੀਫੇ ਦੀ 'ਪੇਸ਼ਕਸ਼' ਕੀਤੀ ਤਾਂ ਸ਼ਾਇਦ ਉਨ੍ਹਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਸ ਦਾ ਇੰਨੇ ਵੱਡੇ ਪੱਧਰ 'ਤੇ ਸਵਾਗਤ ਹੋਏਗਾ। ਉਨ੍ਹਾਂ ਵੱਲੋਂ ਅਸਤੀਫੇ ਦੀ ਗੱਲ ਕਰਨ ਤੋਂ ਤੁਰੰਤ ਮਗਰੋਂ ਸੀਨੀਅਰ ਲੀਡਰਾਂ ਨੇ ਦਿਲ ਖੋਲ੍ਹ ਕੇ ਸਵਾਗਤ ਕੀਤਾ। ਮੀਡੀਆ ਵਿੱਚ ਸੁਰਖੀਆਂ ਬਣਨ ਮਗਰੋਂ ਸੁਖਬੀਰ ਬਾਦਲ ਨੇ ਤੁਰੰਤ ਇਸ 'ਤੇ ਮਿੱਟੀ ਪਾਉਣ ਦੀ ਕਵਾਇਦ ਵਿੱਢ ਦਿੱਤੀ। ਸ਼ਾਮ ਨੂੰ ਇਸ ਚਰਚਾ ਦਾ ਤੁਰੰਤ ਭੋਗ ਪਾਉਂਦਿਆਂ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਸੁਖਬੀਰ ਬਾਦਲ ਪਾਰਟੀ ਦੀ ਰੀੜ ਦੀ ਹੱਡੀ ਹਨ। ਉਨ੍ਹਾਂ ਦੇ ਅਸਤੀਫੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਤੋਂ ਸਪਸ਼ਟ ਹੈ ਕਿ ਸੁਖਬੀਰ ਬਾਦਲ ਕਿਸੇ ਵੀ ਕੀਮਤ 'ਤੇ ਪ੍ਰਧਾਨਗੀ ਨਹੀਂ ਛੱਡਣਗੇ। ਬੇਸ਼ੱਕ ਇਹ ਸਪਸ਼ਟ ਹੋ ਗਿਆ ਹੈ ਕਿ ਸੁਖਬੀਰ ਬਾਦਲ ਅਹੁਦਾ ਨਹੀਂ ਛੱਡਣਗੇ ਪਰ ਨਾਲ ਇਹ ਵੀ ਸਾਹਮਣੇ ਆਇਆ ਹੈ ਕਿ ਪਾਰਟੀ ਅੰਦਰ ਉਨ੍ਹਾਂ ਖਿਲਾਫ ਜ਼ਬਰਦਸਤ ਵਿਰੋਧ ਹੈ। ਸੁਖਬੀਰ ਬਾਦਲ ਵੱਲੋਂ ਅਸਤੀਫੇ ਦੀ 'ਪੇਸ਼ਕਸ਼' ਕਰਨ ਦੇ ਨਾਲ ਹੀ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦੇ ਚਿਹਰੇ ਖਿੜ੍ਹ ਗਏ। ਉਨ੍ਹਾਂ ਨੇ ਇਸ ਪੇਸ਼ਕਸ਼ ਦਾ ਖੁੱਲ੍ਹ ਕੇ ਸਵਾਗਤ ਕੀਤਾ ਭਾਵੇਂਕਿ ਉਨ੍ਹਾਂ ਨੂੰ ਸੁਖਬੀਰ ਬਾਦਲ ਦੇ ਇਸ ਦਾਅਵੇ 'ਤੇ ਕੋਈ ਯਕੀਨ ਨਹੀਂ ਸੀ। ਇਸ ਦੇ ਨਾਲ ਹੀ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਬਹੁਤੇ ਲੀਡਰ ਪਾਰਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਾਉਣਾ ਚਾਹੁੰਦੇ ਹਨ। ਦਰਅਸਲ ਇਹ ਵਿਰੋਧ ਸੁਖਬੀਰ ਬਾਦਲ ਦੀ ਕਾਰਜਸ਼ੈਲੀ ਖਿਲਾਫ ਹੈ ਜਿਸ ਨੇ ਅਕਾਲੀ ਦਲ ਨੂੰ ਵੱਡੇ ਸੰਕਟ ਵੱਲ ਧੱਕ ਦਿੱਤਾ ਹੈ। ਸੁਖਬੀਰ ਬਾਦਲ ਨੇ ਵੋਟ ਬੈਂਕ ਦੀ ਸਿਆਸਤ ਕਰਦਿਆਂ ਪੰਥਕ ਪਾਰਟੀ ਨੂੰ ਪੰਜਾਬੀ ਪਾਰਟੀ ਵਿੱਚ ਬਦਲ ਦਿੱਤਾ। ਸੰਘਰਸ਼ਾਂ 'ਚ ਉਮਰਾਂ ਲੰਘਾਉਣ ਤੇ ਜੇਲ੍ਹਾਂ ਕੱਟਣ ਵਾਲੇ ਟਕਸਾਲੀ ਲੀਡਰਾਂ ਨੂੰ ਇਹ ਸਭ ਪਸੰਦ ਨਹੀਂ ਆ ਰਿਹਾ। ਇਹ ਲੀਡਰ ਸਮੇਂ-ਸਮੇਂ 'ਤੇ ਆਵਾਜ਼ ਉਠਾਉਂਦੇ ਰਹੇ ਪਰ ਬਾਦਲਾਂ ਦੇ ਦੱਬਕੇ ਤੇ ਆਪਣੀ ਅਗਲੀ ਪੀੜ੍ਹੀ ਨੂੰ ਅਹੁਦੇਦਾਰੀਆਂ ਦੇ ਲਾਲਚ ਕਰਕੇ ਸ਼ਾਂਤ ਹੀ ਰਹੇ। ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਸੁਖਬੀਰ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਲਈ ਖਾਲਸਾ ਪੰਥ ਦੇ ਸਿਧਾਂਤਾਂ 'ਤੇ ਪੂਰੇ ਨਹੀਂ ਉੱਤਰਦੇ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ 'ਚ ਕੋਈ ਅਜਿਹਾ ਵਿਅਕਤੀ ਪ੍ਰਧਾਨ ਹੋਣਾ ਚਾਹੀਦਾ ਹੈ ਜੋ ਗੁਰੂ ਮਰਿਆਦਾ ਅਨੁਸਾਰ ਚੱਲੇ ਤੇ ਜਿਸ ਦਾ ਜੀਵਨ ਗੁਰਸਿੱਖ ਵਾਲਾ ਹੋਵੇ। ਉਨ੍ਹਾਂ ਮੰਨਿਆ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੀ ਅਗਵਾਈ 'ਚ ਪਾਰਟੀ 'ਚ ਦਿਨੋ-ਦਿਨ ਨਿਘਾਰ ਆਇਆ। ਅਕਾਲੀ ਦਲ ਕੁਝ ਕੁ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਚੁੱਕਾ ਹੈ। ਪਾਰਟੀ ਅੰਦਰ ਤਾਨਾਸ਼ਾਹੀ ਰਵੱਈਆ ਹੈ। ਇਸ ਬਾਰੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਅਸਤੀਫ਼ਾ ਦੇ ਦੇਣ ਤਾਂ ਅਕਾਲੀ ਦਲ ਦੀ ਹਾਲਤ ਸੁਧਰ ਸਕਦੀ ਹੈ ਤੇ ਉਹ ਮੁੜ ਸਰਗਰਮ ਹੋ ਕੇ ਅਕਾਲੀ ਦਲ ਲਈ ਕੰਮ ਕਰਨ ਲਈ ਤਿਆਰ ਹਨ। ਹਾਲਾਂਕਿ, ਬ੍ਰਹਮਪੁਰਾ ਨੇ ਦਾਅਵਾ ਕੀਤਾ ਕਿ ਸੁਖਬੀਰ ਬਾਦਲ ਪ੍ਰਧਾਨਗੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨਗੀ ਛੱਡਣੀ ਹੁੰਦੀ ਤਾਂ ਵਿਧਾਨ ਸਭਾ ਵਿੱਚ ਅਕਾਲੀ ਦਲ ਦੀ ਵੱਡੀ ਹਾਰ ਮਗਰੋਂ ਵੀ ਉਨ੍ਹਾਂ ਤੋਂ ਅਸਤੀਫ਼ਾ ਮੰਗਿਆ ਗਿਆ ਸੀ ਪਰ ਉਨ੍ਹਾਂ ਉਦੋਂ ਨਹੀਂ ਦਿੱਤਾ ਤਾਂ ਹੁਣ ਕੀ ਦੇਣਗੇ।