ਸਿੱਧੂ ਦੇ ਅਫ਼ਸਰ ਦਾ ਸੜਕ 'ਤੇ ਕੁਟਾਪਾ, ਰਿਸ਼ਵਤ ਮੰਗਣ ਦੇ ਇਲਜ਼ਾਮ
ਏਬੀਪੀ ਸਾਂਝਾ | 29 Oct 2018 11:11 AM (IST)
ਜਲੰਧਰ: ਸ਼ਹਿਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ ਤੇ ਉਨ੍ਹਾਂ ਦੇ ਪੜਪੋਤੇ ਅਤੇ ਜਲੰਧਰ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਦਿਨੇਸ਼ ਜੋਸ਼ੀ ਵਿਚਕਾਰ ਸੜਕ 'ਤੇ ਹੱਥੋਪਾਈ ਹੋ ਗਈ। ਜੋਸ਼ੀ 'ਤੇ ਲੈਂਟਰ ਪੁਾਉਣ ਦੀ ਇਜਾਜ਼ਤ ਦੇਣ ਬਦਲੇ ਰਿਸ਼ਵਤ ਮੰਗਣ ਦੇ ਦੋਸ਼ ਵੀ ਲਾਏ ਜਾ ਰਹੇ ਹਨ। ਘਟਨਾ ਜਲੰਧਰ ਦੇ ਭਗਤ ਸਿੰਘ ਚੌਕ ਨਾਲ ਲਗਦੇ ਮੁਹੱਲਾ ਸ਼ਿਵਰਾਜਗੜ੍ਹ ਦੀ ਹੈ। ਬਿਲਡਿੰਗ ਇੰਸਪੈਕਟਰ 'ਤੇ ਇਲਜ਼ਾਮ ਹੈ ਕਿ ਉਹ ਇਕੱਲਾ ਹੀ ਉਨ੍ਹਾਂ ਦੇ ਇਲਾਕੇ ਵਿੱਚ ਗਿਆ ਤੇ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਧੱਕਾਮੁੱਕੀ ਹੋਈ ਅਤੇ ਦੋਹਾਂ ਨੇ ਉਸ ਨੂੰ ਕੁੱਟਿਆ। ਹਾਲਾਂਕਿ, ਇੰਸਪੈਕਟਰ ਨੇ ਵੀ ਕਈ ਜਵਾਬੀ ਵਾਰ ਕੀਤੇ। ਹਾਲਾਂਕਿ, ਘਟਨਾ ਬੀਤੇ ਕੱਲ੍ਹ ਯਾਨੀ ਐਤਵਾਰ ਦੀ ਹੈ ਪਰ ਇਸ ਦਾ ਵੀਡੀਓ ਅੱਜ ਸਾਹਮਣੇ ਆਇਆ ਹੈ। ਵੀਡੀਓ ਵਿੱਚ ਬਿਲਡਿੰਗ ਇੰਸਪੈਕਟਰ ਵੀ ਸੁਰੇਸ਼ ਸਹਿਗਲ ਦੇ ਪੜਪੋਤੇ ਨੂੰ ਕੁੱਟਦਾ ਨਜ਼ਰ ਆ ਰਿਹਾ ਹੈ। ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਪਹਿਲਾਂ ਵੀ ਗ਼ਲਤ ਤਰੀਕੇ ਨਾਲ ਇਮਾਰਤਾਂ ਬਣਨ ਦੇਣ ਦੇ ਇਲਜ਼ਾਮਾਂ ਹੇਠ ਕਈ ਅਫ਼ਸਰਾਂ ਨੂੰ ਸਸਪੈਂਡ ਕਰ ਚੁੱਕੇ ਹਨ। ਇਸ ਮਾਮਲੇ ਸਬੰਧੀ ਹਾਲੇ ਤਕ ਕੋਈ ਪੁਲਿਸ ਸ਼ਿਕਾਇਤ ਜਾਂ ਕਾਰਵਾਈ ਨਹੀਂ ਹੋਈ ਹੈ।