ਚੰਡੀਗੜ੍ਹ: ਤੰਦਰੁਸਤ ਪੰਜਾਬ ਮਿਸ਼ਨ ਤਹਿਤ ਇਸ ਵਾਰ ਅਮਰੀਕਾ ਦੇ ਸਿਓਮੀ ਤੇ ਮੋਡਿਸ ਉਪਗ੍ਰਹਿ ਜ਼ਰੀਏ ਪਰਾਲੀ ਸਾੜਨ ਵਾਲਿਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਨ੍ਹਾਂ ਉਪਗ੍ਰਹਿ ਦੀ ਮਦਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ 30 ਸਤੰਬਰ ਤੋਂ 24 ਅਕਤੂਬਰ ਤਕ ਪਰਾਲੀ ਸਾੜਨ ਲਈ 285 ਲੋਕਾਂ ਦੇ ਚਲਾਨ ਕੱਟੇ ਹਨ। ਸੈਟੇਲਾਈਟ ਰਾਹੀਂ ਪ੍ਰਸ਼ਾਸਨ ਕੋਲ 656 ਸ਼ਿਕਾਇਤਾਂ ਪੁੱਜੀਆਂ ਹਨ।

ਦਰਅਸਲ ਪਿਛਲੇ ਸਾਲ ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਸਾੜਨ ਕਾਰਨ ਧੂੰਏਂ ਨੇ ਦਿੱਲੀ ਤੇ ਐਨਸੀਆਰ ਦੇ ਲੋਕਾਂ ਦੇ ਜਨ-ਜੀਵਨ ’ਤੇ ਵੀ ਅਸਰ ਪਾਇਆ ਸੀ। ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਨਿਗਰਾਨੀ ਵਿੱਚ ਉਪਗ੍ਰਹਿ ਦੀ ਮਦਦ ਲੈਣ ਦੀ ਯੋਜਨਾ ਬਣਾਈ ਹੈ।

ਇੰਜ ਕੀਤਾ ਜਾ ਰਿਹਾ ਟਰੇਸ 

ਦੋ ਅਮਰੀਕੀ ਉਪਗ੍ਰਹਿ ਪਰਾਲੀ ਸਾੜਨ ਦੀਆਂ ਫੋਟੋਆਂ ਭੇਜਦੇ ਹਨ। ਇਨ੍ਹਾਂ ਵਿੱਚ ਹਾਈ ਰਿਜ਼ੋਲਿਊਸ਼ਨ ਕੈਮਰੇ ਲੱਗੇ ਹਨ। ਯੂਐਸ ਦੀ ਨਾਸਾ ਵੱਲੋਂ ਇਨ੍ਹਾਂ ਸੈਟੇਲਾਈਟਸ ਦਾ ਸੰਚਾਲਨ ਕੀਤਾ ਜਾਂਦਾ ਹੈ। ਇਹ ਉਪਗ੍ਰਹਿ ਧਰਤੀ 'ਤੇ ਕਿਸੇ ਜਗ੍ਹਾ ਦਾ ਤਾਪਮਾਨ ਟਰੈਕ ਕਰ ਲੈਂਦੇ ਹਨ ਕਿਉਂਕਿ ਇਹ ਅਸਧਾਰਨ ਰੂਪ ਵਿੱਚ ਵਧਦਾ ਜਾਂਦਾ ਹੈ। ਇਸੇ ਤਕਨੀਕ ਨਾਲ ਪਰਾਲੀ ਸਾੜਨ ਵਾਲਿਆਂ ਨੂੰ ਫੜ੍ਹਿਆ ਜਾਂਦਾ ਹੈ।

ਇਸ ਤੋਂ ਬਾਅਦ ਅਮਰੀਕੀ ਉਪਗ੍ਰਹਿ ਪਰਾਲੀ ਸਾੜੇ ਜਾਣ ਵਾਲੇ ਏਰੀਆ ਦਾ ਰਿਕਾਰਡ ਲੁਧਿਆਣਾ ਵਿੱਚ ਸਥਿਤ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਨੂੰ ਭੇਜਦੇ ਹਨ। ਇਸ ਸੈਂਟਰ ਤੋਂ ਅੱਗੇ ਉਨ੍ਹਾਂ ਨੂੰ ਈਮੇਲ ਰਾਹੀਂ ਜ਼ਿਲਾ ਪੱਧਰ ’ਤੇ ਬਣਾਏ ਗਏ ਨਿਗਰਾਨੀ ਕੇਂਦਰ ਵਿੱਚ ਭੇਜਿਆ ਜਾਂਦਾ ਹੈ। ਇੱਥੋਂ ਇਹ ਜਾਣਕਾਰੀ ਮੋਬਾਈਲ ਐਪ ਰਾਹੀਂ ਪਿੰਡ ਦੇ ਪੱਧਰ 'ਤੇ ਨਿਯੁਕਤ ਨੋਡਲ ਅਫਸਰ ਨੂੰ ਫਾਰਵਰਡ ਕਰ ਦਿੱਤੀ ਜਾਂਦੀ ਹੈ।

ਅਫ਼ਸਰ ਮੌਕੇ ’ਤੇ ਪਹੁੰਚ ਕੇ ਕਰਦੇ ਨੇ ਚੈਕਿੰਗ

ਅੰਮ੍ਰਿਤਸਰ ਜ਼ਿਲ੍ਹੇ ਦੇ 750 ਪਿੰਡਾਂ ਵਿੱਚ ਏਨੇ ਹੀ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ। ਸੈਟੇਲਾਈਟ ਤੋਂ ਬਾਅਦ, ਰਿਮੋਟ ਸੈਂਸਿੰਗ ਸੈਂਟਰ ਤੋਂ ਜਾਣਕਾਰੀ ਨੋਡਲ ਅਫਸਰ ਕੋਲ ਆਉਂਦੀ ਹੈ, ਉਸ ਵਿੱਚ ਖੇਤ ਦਾ ਨਕਸ਼ਾ, ਉਸਦਾ ਖਸਰਾ ਨੰਬਰ ਤੇ ਮਾਲਕ ਦਾ ਨਾਮ ਰਹਿੰਦਾ ਹੈ। ਇਹ ਜਾਣਕਾਰੀ ਮਿਲਦਿਆਂ ਹੀ ਨੋਡਲ ਅਫਸਰ ਤੁਰੰਤ ਮੌਕੇ ਉੱਤੇ ਪਹੁੰਚਦਾ ਹੈ ਅਤੇ ਇਸ ਦੀ ਤਸਦੀਕ ਕਰਤੇ ਮਾਲਕ ’ਤੇ ਕਾਰਵਾਈ ਕਰਦਾ ਹੈ। ਢਾਈ ਏਕੜ ਲਈ 2500 ਰੁਪਏ ਜ਼ੁਰਮਾਨਾ ਲਾਇਆ ਜਾਂਦਾ ਹੈ ਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਹਦਾਇਤ ਦਿੱਤੀ ਜਾਂਦੀ ਹੈ।