ਚੰਡੀਗੜ੍ਹ: ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਨੇ ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਯਾਤਰੀਆਂ ਤੋਂ ਵੱਡੀ ਮਾਤਰਾ ਵਿੱਚ ਤਸਕਰੀ ਦਾ ਸੋਨਾ ਬਰਾਮਦ ਕੀਤਾ ਹੈ। ਇਸ ਮਾਮਲੇ ਵਿੱਚ ਡੀਆਰਆਈ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ ਵਿਦੇਸ਼ੀ ਨਿਰਮਿਤ 55 ਸੋਨੇ ਦੀਆਂ ਛੜਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਕੁੱਲ ਭਾਰ 55 ਕਿਲੋ ਹੈ। ਇਨ੍ਹਾਂ ਦਾ ਬਾਜ਼ਾਰੀ ਮੁੱਲ ਕਰੋੜਾਂ ਵਿੱਚ ਹੋਣ ਦੀ ਸੰਭਾਵਨਾ ਹੈ। ਦੋਵਾਂ ਜਣਿਆਂ ਨੂੰ ਸੱਤ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਇਸੇ ਸਾਲ ਜੂਨ ਵਿੱਚ ਡੀਆਰਆਈ ਨੇ ਸਿੱਕਮ ਵਿੱਚ ਚੀਨ-ਭਾਰਤ ਦੀ ਸਰਹੱਦ 'ਤੇ 32 ਕਿੱਲੋ ਸੋਨੇ ਦੀ ਤਸਕਰੀ ਦਾ ਪਰਦਾਫਾਸ਼ ਕੀਤਾ ਸੀ, ਜਿਸ ਦੀ ਕੀਮਤ 10 ਕਰੋੜ ਸੀ। ਡੀਆਰਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਿਲੀਗੁੜੀ ਵਿੱਚ ਗੰਗਟੋਕ ਤੋਂ ਆਉਣ ਵਾਲੀ ਇੱਕ ਕਾਰ ਨੂੰ ਰੋਕ ਕੇ ਅਧਿਕਾਰੀਆਂ ਨੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਤਿੰਨੋਂ ਮਹਾਰਾਸ਼ਟਰ ਦੇ ਨਿਵਾਸੀ ਸਨ, ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ ਕਿ ਉਹ ਵਿਦੇਸ਼ੀ ਮੂਲ ਦੇ ਸੋਨੇ ਦੀਆਂ ਛੜਾਂ ਨੂੰ ਸਿੱਕਮ ਬਾਰਡਰ ਰਾਹੀਂ ਚੀਨ ਤੋਂ ਭਾਰਤ ਲਿਆ ਰਹੇ ਸਨ।

ਮੌਜੂਦਾ ਵਿੱਤੀ ਵਰ੍ਹੇ ਵਿੱਚ ਪੱਛਮੀ ਬੰਗਾਲ ਤੇ ਉੱਤਰ-ਪੂਰਬੀ ਸੂਬਿਆਂ ਵਿੱਚ ਫੈਲੇ ਖੇਤਰ ਵਿੱਚ ਡੀਆਰਆਈ ਨੇ ਬੰਗਲਾਦੇਸ਼, ਮਿਆਂਮਾਰ ਤੇ ਭੂਟਾਨ ਤੋਂ ਤਸਕਰੀ ਲਈ ਲਿਆਂਦੇ ਜਾ ਰਹੇ 24 ਕਰੋੜ ਰੁਪਏ ਦਾ ਕਰੀਬ 137 ਕਿਲੋਗ੍ਰਾਮ ਸੋਨਾ ਤੇ ਸੋਨੇ ਦੇ ਗਹਿਣੇ ਜ਼ਬਤ ਕੀਤੇ ਹਨ। ਪਿਛਲੇ ਵਿੱਤੀ ਵਰ੍ਹੇ (2017-2018) ਵਿੱਚ ਡੀਆਰਆਈ ਨੇ 430 ਕਿਲੋਗ੍ਰਾਮ ਸੋਨਾ ਤੇ ਸੋਨੇ ਦੇ ਗਹਿਣੇ ਜ਼ਬਤ ਕੀਤੇ ਸਨ।