ਪਣਜੀ: ਮਹੀਨੇ ਭਰ ਡਾਕਟਰਾਂ ਦੀ ਨਿਗਰਾਨੀ ਵਿੱਚ ਰਹਿ ਰਹੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਨੂੰ ਪੈਂਕ੍ਰਿਆਟਿਕ ਕੈਂਸਰ ਹੈ। ਸ਼ਨੀਵਾਰ ਨੂੰ ਇਹ ਜਾਣਕਾਰੀ ਗੋਆ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਦਿੱਤੀ। ਵਿਰੋਧੀ ਕਈ ਦਿਨਾਂ ਤੋਂ ਇਹ ਸਵਾਲ ਕਰ ਰਹੇ ਹਨ ਕਿ ਕੀ ਮੁੱਖ ਮੰਤਰੀ ਸੂਬੇ ਦਾ ਸਾਸ਼ਨ ਚਲਾਉਣ ਦੇ ਸਮਰੱਥ ਹਨ, ਤਾਂ ਉਨ੍ਹਾਂ ਦਾ ਇਹ ਬਿਆਨ ਸਾਹਮਣੇ ਆਇਆ ਹੈ।
ਰਾਣੇ ਨੇ ਕਿਹਾ ਕਿ ਪਰੀਕਰ ਗੋਆ ਦੇ ਮੁੱਖ ਮੰਤਰੀ ਹਨ। ਇਹ ਸਹੀ ਹੈ ਕਿ ਉਹ ਠੀਕ ਨਹੀਂ ਹਨ, ਉਨ੍ਹਾਂ ਨੂੰ ਪੈਂਕ੍ਰਿਆਟਿਕ ਕੈਂਸਰ ਹੈ। ਇਸ ਗੱਲ ਨੂੰ ਲੁਕਾਉਣ ਦਾ ਕੋਈ ਖ਼ਾਸ ਮਕਸਦ ਨਹੀਂ। ਪਰੀਕਰ ਨੇ ਲੰਮਾ ਸਮਾਂ ਗੋਆ ਦੇ ਲੋਕਾਂ ਦੀ ਸੇਵਾ ਕੀਤੀ ਹੈ, ਅਜਿਹੇ ਵਿੱਚ ਉਨ੍ਹਾਂ ਨੂੰ ਅਧਿਕਾਰ ਹੈ ਕਿ ਕੁਝ ਸਮਾਂ ਲੋਕਾਂ ਨਾਲ ਬਿਤਾ ਸਕਣ।
ਪਰੀਕਰ ਨੂੰ 15 ਸਤੰਬਰ ਨੂੰ ਏਮਜ਼, ਗੋਆ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਬੀਤੀ 14 ਅਕਤੂਬਰ ਨੂੰ ਉਨ੍ਹਾਂ ਨੂੰ ਛੁੱਟੀ ਮਿਲੀ ਹੈ। ਇਸ ਤੋਂ ਬਾਅਦ ਉਹ ਘਰ ਵਿੱਚ ਹੀ ਆਰਾਮ ਕਰ ਰਹੇ ਹਨ ਤੇ ਕਿਸੇ ਵੀ ਸਮਾਗਮ ਦਾ ਹਿੱਸਾ ਨਹੀਂ ਬਣ ਰਹੇ। ਡਾਕਟਰਾਂ ਦੀ ਟੀਮ ਮੁੱਖ ਮੰਤਰੀ ਦੀ ਸਿਹਤ 'ਤੇ ਨਜ਼ਰ ਰੱਖ ਰਹੀ ਹੈ।
ਜ਼ਿਕਰਯੋਗ ਹੈ ਕਿ ਇਸੇ ਸਾਲ ਫਰਵਰੀ ਵਿੱਚ ਪੱਤਰਕਾਰ ਨੇ ਪਰੀਕਰ ਨੂੰ ਪੈਂਕ੍ਰਿਆਟਿਕ ਕੈਂਸਰ ਹੋਣ ਦੀ ਖ਼ਬਰ ਛਾਪ ਦਿੱਤੀ ਸੀ। ਉਦੋਂ ਹਸਪਤਾਲ ਨੇ ਇਸ ਖ਼ਬਰ ਨੂੰ ਅਫ਼ਵਾਹ ਦੱਸਿਆ ਸੀ, ਜਿਸ ਤੋਂ ਬਾਅਦ ਉਸ ਨੂੰ ਝੂਠੀ ਖ਼ਬਰ ਫੈਲਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਵੀ ਕਰ ਲਿਆ ਸੀ। ਪਰੀਕਰ ਦੇ ਗੰਭੀਰ ਬਿਮਾਰ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਰਾਜਪਾਲ ਸਾਹਮਣੇ ਸੂਬੇ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਵੀ ਪੇਸ਼ ਕਰ ਚੁੱਕੀ ਹੈ।