ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਪਣੇ ਮੁਖੀ ਕਰਨਲ ਸਿੰਘ ਦੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਰਿਕਾਰਡ 34,500 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਤੇ ਮਨੀ ਲਾਂਡਰਿੰਗ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਵਿੱਚ 390 ਚਾਰਜਸ਼ੀਟਾਂ ਦਾਇਰ ਕੀਤੀਆਂ ਹਨ। ਇਹ ਜਾਣਕਾਰੀ ਈਡੀ ਦੇ ਅਧਿਕਾਰੀਆਂ ਨੇ ਦਿੱਤੀ। ਇੰਡੀਅਨ ਰੈਵੇਨਿਊ ਸਰਵਿਸ (ਆਈਆਰਐਸ) ਦੇ ਅਫਸਰ ਐਸਕੇ ਮਿਸ਼ਰਾ ਹੁਣ ਕਰਨਲ ਸਿੰਘ ਦੀ ਜਗ੍ਹਾ ਲੈਣਗੇ। ਸ਼ਨੀਵਾਰ ਨੂੰ ਸਰਕਾਰ ਨੇ ਮਿਸ਼ਰਾ ਨੂੰ ਈਡੀ ਮੁਖੀ ਬਣਾਉਣ ਦਾ ਐਲਾਨ ਕੀਤਾ ਹੈ।

ਕਰਨਲ ਸਿੰਘ ਨੇ ਵਾਧੂ ਚਾਰਜ ਦੇ ਰੂਪ ਵਿੱਚ ਤੇ ਨਿਯਮਤ ਮੁਖੀ ਦੇ ਤੌਰ 'ਤੇ ਈਡੀ ਨੂੰ ਦੋਹਾਂ ਤਰੀਕਿਆਂ ਨਾਲ ਸੰਭਾਲਿਆ। ਉਹ ਅਗਸਤ 2015 ਤੋਂ ਇਹ ਸੇਵਾ ਨਿਭਾ ਰਹੇ ਹਨ। ਉਹ 1984 ਬੈਚ ਦੇ ਭਾਰਤੀ ਭਾਰਤੀ ਪੁਲਿਸ ਦੇ ਅਫਸਰ ਹਨ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਕੇਸ ਦਰਜ ਕਰਨ, ਜਾਇਦਾਦ ਜ਼ਬਤ ਕਰਨ ਤੇ ਚਾਰਜਸ਼ੀਟਾਂ ਦਾਇਰ ਕਰਨ ਵਿੱਚ ਜ਼ਬਰਦਸਤ ਤੇਜ਼ੀ ਦਰਜ ਕੀਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ 2015 ਤੋਂ ਹੁਣ ਤੱਕ 33,563 ਕਰੋੜ ਰੁਪਏ ਦੀ ਜਾਇਦਾਦ ਦਾ ਕੁਰਕੀ ਕੀਤੀ ਹੈ, ਜਦਕਿ ਇਸ ਤੋਂ ਪਹਿਲਾਂ 2005 ਤੋਂ 2015 (10 ਸਾਲ) ਦੇ ਵਿਚਕਾਰ ਇਹ ਅੰਕੜਾ 9,003 ਕਰੋੜ ਰੁਪਏ ਸੀ।

ਕਰਨਲ ਸਿੰਘ ਨੇ 2015 ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਇੰਚਾਰਜ ਸੰਭਾਲਿਆ ਸੀ। ਉਨ੍ਹਾਂ ਨੂੰ ਕਾਲੇ ਧਨ ਨੂੰ ਸਫੈਦ ਕਰਨ, ਵਿਦੇਸ਼ੀ ਮੁਦਰਾ ਦੀ ਉਲੰਘਣਾ ਤੇ ਭ੍ਰਿਸ਼ਟਾਚਾਰ ਦੇ ਕੁਝ ਮਹੱਤਵਪੂਰਨ ਮਾਮਲਿਆਂ ਵਿੱਚ ਤੇਜ਼ੀ ਨਾਲ ਜਾਂਚ ਕਰਨ ਦਾ ਕ੍ਰੈਡਿਟ ਜਾਂਦਾ ਹੈ। ਇਨ੍ਹਾਂ ਮਾਮਲਿਆਂ ਵਿੱਚ ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਮਾਮਲੇ, ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ  ਤੇ ਉਨ੍ਹਾਂ ਦੇ ਪੁੱਤਰ ਕਾਰਤੀ ਚਿਦੰਬਰਮ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ, ਸਿਆਸੀ ਰੂਪ ਨਾਲ ਸੰਵੇਦਨਸ਼ੀਲ ਸਟਰਲਿੰਗ ਬਾਇਓਟੈਕ, ਵਿਜੈ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੌਕਸੀ ਦੀ ਬੈਂਕਾਂ ਨਾਲ ਧੋਖਾਧੜੀ ਵਰਗੇ ਮਾਮਲੇ ਸ਼ਾਮਲ ਹਨ। ਇਸਤੋਂ ਇਲਾਵਾ ਇਨ੍ਹਾਂ ਵਿੱਚ 2G ਸਪੈਕਟਰਮ ਤੇ ਕੋਲਾ ਘਪਲੇ ਦੀ ਜਾਂਚ ਵੀ ਸ਼ਾਮਲ ਹੈ।