ਤਿਰੂਵਨੰਤਪੁਰਮ: ਸਬਰੀਮਾਲਾ ਮੰਦਰ ਵਿੱਚ ਔਰਤਾਂ ਦੇ ਦਾਖ਼ਲਾ ਯਕੀਨੀ ਬਣਾਉਣ ਲਈ ਕੇਰਲ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਦੀ ਤਾਮੀਲ ਕਰਨ ਵਿੱਚ ਲੱਗੀ ਹੋਈ ਹੈ। ਇਸ 'ਤੇ ਭਾਜਪਾ ਪ੍ਰਧਾਨ ਅਮਿਤ ਨੇ ਜਿੱਥੇ ਸੂਬਾ ਸਰਕਾਰ 'ਤੇ ਨਿਸ਼ਾਨੇ ਲਾਏ ਉੱਥੇ ਹੀ ਅਦਾਲਤਾਂ ਦੇ ਫੈਸਲਿਆਂ 'ਤੇ ਵੀ ਉਂਗਲ ਚੁੱਕੀ।

ਅਮਿਤ ਸ਼ਾਹ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੇਰਲ ਵਿੱਚ ‘ਹੰਗਾਮੀ’ ਸਥਿਤੀ ਪੈਦਾ ਕੀਤੀ ਹੋਈ ਹੈ ਤੇ ‘ਅੱਗ ਨਾਲ ਖੇਡਿਆ’ ਜਾ ਰਿਹਾ ਹੈ। ਕੰਨੂਰ ਵਿਚ ਭਾਜਪਾ ਦੇ ਜ਼ਿਲ੍ਹਾ ਪੱਧਰੀ ਦਫ਼ਤਰ ਦਾ ਉਦਘਾਟਨ ਕਰਨ ਮੌਕੇ ਸ਼ਾਹ ਨੇ ਕਿਹਾ ਕਿ ਕੇਰਲ ਸਰਕਾਰ ‘ਮੰਦਰਾਂ ਖ਼ਿਲਾਫ਼ ਸਾਜ਼ਿਸ਼ਾਂ’ ਘੜ ਰਹੀ ਹੈ।

‘ਜਲੀਕੱਟੂ’ ਅਤੇ ‘ਮਸਜਿਦਾਂ ਵਿਚ ਲਾਊਡ ਸਪੀਕਰਾਂ’ ਦੀ ਪਾਬੰਦੀ ਬਾਰੇ ਆਏ ਅਦਾਲਤੀ ਫ਼ੈਸਲਿਆਂ ਦਾ ਜ਼ਿਕਰ ਕਰਦਿਆਂ ਸ਼ਾਹ ਨੇ ਕਿਹਾ ਕਿ ਅਦਾਲਤਾਂ ‘ਗ਼ੈਰਵਿਹਾਰਕ’ ਫ਼ੈਸਲੇ ਲੈਣ ਦੀ ਬਜਾਏ ਅਜਿਹੇ ਫ਼ੈਸਲੇ ਲੈਣ ਜੋ ਲਾਗੂ ਕੀਤੇ ਜਾ ਸਕਣ।

ਸ਼ਾਹ ’ਤੇ ਜਵਾਬੀ ਹੱਲਾ ਬੋਲਦਿਆਂ ਮੁੱਖ ਮੰਤਰੀ ਪੀ. ਵਿਜਯਨ ਨੇ ਕਿਹਾ ਕਿ ਰਾਜ ਸਰਕਾਰ ਭਾਜਪਾ ’ਤੇ ਨਿਰਭਰ ਨਹੀਂ ਕਰਦੀ ਤੇ ਲੋਕਾਂ ਵਲੋਂ ਚੁਣੀ ਹੋਈ ਸਰਕਾਰ ਹੈ। ਵਿਜਯਨ ਨੇ ਕਿਹਾ ਕਿ ਅਮਿਤ ਸ਼ਾਹ ਸੂਬੇ ਨਾਲੋਂ ਜ਼ਿਆਦਾ ਸੁਪਰੀਮ ਕੋਰਟ ਤੇ ਸੰਵਿਧਾਨ ਦੀ ਆਲੋਚਨਾ ਕਰ ਰਹੇ ਹਨ।