ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸੁਖਬੀਰ ਬਾਦਲ ਵੱਲੋਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਮੁੱਦੇ 'ਤੇ ਤਿੱਖਾ ਹਮਲਾ ਕੀਤਾ ਹੈ। ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਆਪਣੀ ਕੁਰਸੀ ਜਾਂਦੀ ਦਿਖਾਈ ਦੇ ਰਹੀ ਹੈ ਜਿਸ ਕਾਰਨ ਉਹ ਹੁਣ ਅਸਤੀਫ਼ੇ ਦੀਆਂ ਗੱਲਾਂ ਕਰ ਰਿਹਾ ਹੈ, ਜੋ ਸਿਰਫ਼ ਡਰਾਮੇਬਾਜ਼ੀ ਹੈ। ਸਿੱਧੂ ਨੇ ਸੁਖਬੀਰ ਦੇ ਇਸ ਕਦਮ ਪਿੱਛੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹੱਥ ਦੱਸਿਆ।

ਨਵਜੋਤ ਸਿੰਘ ਸਿੱਧੂ ਤੇ ਸੁਖਬੀਰ ਦੇ ਅਸਤੀਫ਼ੇ ਨੂੰ ਡਰਾਮਾ ਇਸ ਕਰਕੇ ਆਖਿਆ ਕਿ ਜੇ ਉਸਨੇ ਅਸਤੀਫ਼ਾ ਦੇਣਾ ਹੁੰਦਾ ਤਾਂ ਉਹ ਢੀਂਡਸਾ ਵਾਂਗੂੰ ਬ੍ਰਹਮਪੁਰੀਆ ਵਾਂਗੂੰ ਅਸਤੀਫ਼ਾ ਦੇ ਦਿੰਦੇ ਨਾ ਕਿ ਇਸ ਤਰ੍ਹਾਂ ਐਲਾਨ ਕਰਦਾ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਿਰਫ ਵੱਡੇ ਬਾਦਲ ਵੱਲੋਂ ਕਹਿਣ ਦੇ ਕਾਰਨ ਅਜਿਹੀ ਬੇਤੁਕੀ ਬਿਆਨਬਾਜ਼ੀ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਦਿੱਸ ਰਿਹਾ ਹੈ ਕਿ ਅਕਾਲੀ ਦਲ ਚਹੁੰ ਫਾੜ ਹੋ ਜਾਵੇਗਾ, ਜਿਸ ਕਾਰਨ ਆਪ ਡਰਾਮੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਹਰਸਿਮਰਤ ਬਾਦਲ ਤੇ ਵੀ ਤੰਜ਼ ਕੱਸਦਿਆਂ ਸਿੱਧੂ ਨੇ ਕਿਹਾ ਕਿ ਉਹ ਵੀ ਕਈ ਵਾਰ ਅਸਤੀਫ਼ੇ ਦਾ ਡਰਾਮਾ ਕਰ ਚੁੱਕੀ ਹੈ ਪਰ ਉਸ ਨੇ ਵੀ ਇੱਕ ਵਾਰ ਅਸਤੀਫ਼ਾ ਨਹੀਂ ਦਿੱਤਾ।

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਪਵਿੱਤਰ ਜਮਾਤ ਸੀ ਜਿਸ ਨੂੰ ਜੀਜਾ-ਸਾਲਾ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਕੇ ਰੱਖ ਦਿੱਤਾ। ਸੁਖਬੀਰ ਬਾਦਲ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਉੱਪਰ ਅੰਮ੍ਰਿਤਸਰ ਆ ਕੇ ਕੀਤੇ ਜਾ ਰਹੇ ਸ਼ਬਦੀ ਹਮਲਿਆਂ 'ਤੇ ਉਨ੍ਹਾਂ ਕਿਹਾ ਕਿ ਇਹ ਸਿਰਫ ਬੋਲ ਸਕਦੇ ਹਨ ਅਤੇ ਕਰੋੜਾਂ ਰੁਪਏ ਇਕੱਠੇ ਕਰਨ ਵਾਲਿਆਂ ਦਾ ਚਿੜੀ ਜਿੰਨਾ ਵੀ ਦਿਲ ਨਹੀਂ ਹੈ ਤਾਂ ਕਿ ਉਹ ਕਿਸੇ ਦੀ ਮਦਦ ਕਰ ਸਕਣ ਅਤੇ ਲਾਸ਼ਾਂ ਉੱਪਰ ਰਾਜਨੀਤੀ ਕਰਦੇ ਹਨ।