ਚੰਡੀਗੜ੍ਹ : ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ 'ਤੇ ਗੰਭੀਰ ਇਲਜ਼ਾਮ ਲਾਏ ਹਨ। ਉਪ ਮੁੱਖ ਮੰਤਰੀ ਨੇ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਕੇ ਇਲਜ਼ਾਮ ਲਾਏ ਹਨ ਕਿ ਪੰਜਾਬ ਵਿੱਚ ਸ਼ਾਂਤੀ ਭੰਗ ਕਰਨ ਲਈ ਆਮ ਆਦਮੀ ਪਾਰਟੀ ਨੂੰ ਕੱਟੜਪੰਥੀਆਂ ਤੋਂ ਪੈਸਾ ਮਿਲ ਰਿਹਾ ਹੈ। ਉਨ੍ਹਾਂ ਨੇ ਗ੍ਰਹਿ ਮੰਤਰੀ ਤੋਂ ਆਮ ਆਦਮੀ ਪਾਰਟੀ ਦੀ ਫੰਡਿੰਗ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

 

 

 

 

ਸੁਖਬੀਰ ਨੇ ਰਾਜਨਾਥ ਸਿੰਘ ਨੂੰ ਲਿਖੇ ਪੱਤਰ ਵਿੱਚ ਮੰਗ ਕੀਤੀ ਹੈ ਕਿ 'ਆਪ' ਨੂੰ ਉੱਤਰੀ ਅਮਰੀਕਾ, ਯੂਰਪ ਤੇ ਅਸਟ੍ਰੇਲੀਆ ਵਿੱਚ ਰਹਿ ਰਹੇ ਵੱਖਵਾਦੀਆਂ ਤੋਂ ਪੈਸਾ ਮਿਲ ਰਿਹਾ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਸੁਖਬੀਰ ਬਾਦਲ ਪੰਜਾਬ ਵਿੱਚ ਗ੍ਰਹਿ ਮੰਤਰਾਲੇ ਦਾ ਕੰਮਕਾਰ ਵੀ ਸੰਭਾਲ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ 'ਆਪ' ਨੂੰ ਮਿਲ ਰਹੇ ਪੈਸੇ ਦੀ ਜਾਂਚ ਤੋਂ ਪਤਾ ਲੱਗ ਜਾਵੇਗਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਤੇ ਹਿੰਸਾ ਦੇ ਮਾਧਿਅਮ ਤੋਂ ਸ਼ਾਂਤੀ ਭੰਗ ਕਰ ਰਹੀ ਹੈ।

 

 

 

 

ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਲੀਡਰ ਜਗਦੀਸ਼ ਗਗਨੇਜਾ 'ਤੇ ਹਮਲਾ ਇਸ ਸਾਜਿਸ਼ ਦਾ ਹੀ ਨਤੀਜਾ ਹੈ। ਸੁਖਬੀਰ ਨੇ ਪੱਤਰ ਵਿੱਚ ਇਲਜ਼ਾਮ ਲਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਕੱਟੜਪੰਥੀਆਂ ਨੂੰ ਫਿਰ ਤੋਂ ਜਿੰਦਾ ਕਰ ਰਹੇ ਹਨ। ਸੁਖਬੀਰ ਨੇ ਲਿਖਿਆ ਹੈ ਕਿ ਉਹ ਪਹਿਲਾਂ ਇਸ ਦੀ ਜਾਣਕਾਰੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਦੇ ਚੁੱਕੇ ਹਨ।