ਸੁਖਬੀਰ ਬਾਦਲ ਨੂੰ ਪੁੱਠਾ ਪਿਆ ਧਰਨਿਆਂ ਵਾਲਾ ਪੈਂਤੜਾ
ਏਬੀਪੀ ਸਾਂਝਾ | 09 Dec 2017 12:40 PM (IST)
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਾ ਸੜਕਾਂ ਉੱਪਰ ਉੱਤਰਣ ਦਾ ਪੈਂਤੜਾਂ ਪੁੱਠਾ ਹੀ ਪੈ ਗਿਆ ਹੈ। ਬੇਸ਼ੱਕ ਹਾਈਕੋਰਟ ਵੱਲੋਂ ਫਿਟਕਾਰ ਪੈਣ ਮਗਰੋਂ ਅਕਾਲੀ ਦਲ ਨੇ ਸੜਕਾਂ ਖਾਲੀ ਕਰ ਦਿੱਤੀਆਂ ਪਰ ਸੋਸ਼ਲ ਮੀਡੀਆ ਵਿੱਚ ਇਹ ਗੱਲ਼ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਦਸ ਵਰ੍ਹੇ ਧਰਨੇ ਮੁਜ਼ਾਹਰੇ ਕਰਨ ਵਾਲਿਆਂ ਨੂੰ 'ਵਿਹਲੜ' ਤੇ 'ਘਰੋਂ ਕੱਢੇ' ਕਹਿਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੁਣ ਕਿਹੜੇ ਮੂੰਹ ਨਾਲ ਸੜਕਾਂ ਉੱਪਰ ਉੱਤਰੇ ਹਨ। ਸੂਤਰਾਂ ਮੁਤਾਬਕ ਸੁਖਬੀਰ ਬਾਦਲ ਇਨ੍ਹਾਂ ਧਰਨਿਆਂ ਰਾਹੀਂ ਇੱਕ ਵਾਰ ਮੁੜ ਅਕਾਲੀ ਵਰਕਰਾਂ ਵਿੱਚ ਜੋਸ਼ ਭਰਨਾ ਚਾਹੁੰਦੇ ਸਨ ਪਰ ਲੋਕਾਂ ਦੀ ਖੱਜਲ-ਖੁਆਰੀ ਤੇ ਹਾਈਕੋਰਟ ਦੀ ਫਿਟਕਾਰ ਨੇ ਇਹ ਚਾਲ ਪੁੱਠੀ ਪਾ ਦਿੱਤੀ। ਉੱਧਰ ਹਾਈਕੋਰਟ ਦੀ ਟਿੱਪਣੀ ਤੋਂ ਤੁਰੰਤ ਬਾਅਦ ਕਾਂਗਰਸ ਸਰਕਾਰ ਵੀ ਹਰਕਤ ਵਿੱਚ ਆ ਗਈ ਤੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਸਣੇ ਕਈ ਅਕਾਲੀ ਲੀਡਰਾਂ ਖਿਲਾਫ ਕੇਸ ਦਰਜ ਕਰ ਲਏ। ਇਸ ਨਾਲ ਅਕਾਲੀ ਦਲ ਦੇ ਧਰਨਿਆਂ ਦਾ ਜਨਤਾ ਵਿੱਚ ਗਲਤ ਸੁਨੇਹਾ ਹੀ ਗਿਆ ਹੈ। ਦਿਲਚਸਪ ਗੱਲ਼ ਹੈ ਕਿ ਅਕਾਲੀ ਦਲ ਨੇ ਸੁਖਬੀਰ ਬਾਦਲ ਦੀ ਅਗਵਾਈ ਹੇਠ ਉੱਥੇ ਹੀ ਧਰਨਾ ਲਾਇਆ ਜਿੱਥੇ ਕੁਝ ਸਾਲ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਿੱਚ ਸਿੱਖ ਸੰਗਤ ਨੇ ਜਾਮ ਲਾਇਆ ਸੀ। ਉਸ ਵੇਲੇ ਅਕਾਲੀ ਦਲ ਦੀ ਸਰਕਾਰ ਨੇ ਸਿੱਖ ਲੀਡਰਾਂ ਖਿਲਾਫ ਕੇਸ ਦਰਜ ਕੀਤੇ ਸਨ ਤੇ ਸੁਖਬੀਰ ਬਾਦਲ ਨੇ ਇਨ੍ਹਾਂ ਨੂੰ ਵਿਹਲੜਾਂ ਦੀ ਫੌਜ ਤੇ ਕਾਂਗਰਸੀਆਂ ਦੇ ਹੱਥਠੋਕੇ ਤੱਕ ਕਿਹਾ ਸੀ। ਸੋਸ਼ਲ ਮੀਡੀਆ ਉੱਪਰ ਚਰਚਾ ਹੈ ਕਿ ਪ੍ਰਮਾਤਮਾ ਨੇ ਸੁਖਬੀਰ ਬਾਦਲ ਨੂੰ ਝੁਕਾ ਕੇ ਉਸੇ ਥਾਂ ਆਉਣ ਲਈ ਮਜਬੂਰ ਕੀਤਾ ਹੈ। ਯਾਦ ਰਹੇ ਅਕਾਲੀ-ਭਾਜਪਾ ਹਕੂਮਤ ਦੇ 10 ਵਰ੍ਹਿਆਂ ਦੌਰਾਨ ਪੰਜਾਬ ਵਿੱਚ ਤਕਰੀਬਨ 70 ਹਜ਼ਾਰ ਅੰਦੋਲਨ ਹੋਏ ਹਨ। ਇਸ ਸੰਘਰਸ਼ ਦੌਰਾਨ ਕਈ ਮੌਤਾਂ ਵੀ ਹੋਈਆਂ। ਉਸ ਵੇਲੇ ਸੁਖਬੀਰ ਬਾਦਲ ਇਨ੍ਹਾਂ ਨੂੰ ਵਿਹਲੜ ਹੀ ਦੱਸਦੇ ਸਨ। ਅਕਾਲੀ-ਭਾਜਪਾ ਹਕੂਮਤ ਵੇਲੇ ਹਰੀਕੇ ਪੱਤਣ ਨੇੜੇ ਬੇਅਦਬੀ ਮਾਮਲੇ ’ਤੇ ਜਦੋਂ ਸਿੱਖਾਂ ਨੇ ਧਰਨਾ ਦਿੱਤਾ ਸੀ ਤਾਂ ਉਦੋਂ ਪੁਲਿਸ ਨੇ ਸਿੱਖ ਆਗੂਆਂ ਖ਼ਿਲਾਫ਼ ਵੀ ਕੇਸ ਦਰਜ ਕੀਤੇ ਸਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਜਨਵਰੀ 2007 ਤੋਂ ਦਸੰਬਰ 2016 (ਅਕਾਲੀ ਰਾਜ ਦੇ 10 ਵਰ੍ਹਿਆਂ) ਦੌਰਾਨ ਪੰਜਾਬ ਵਿੱਚ ਹਰ ਤਰ੍ਹਾਂ ਦੇ 70,669 ਅੰਦੋਲਨ ਹੋਏ ਹਨ।