ਸੰਗਰੂਰ: ਲੋਕ ਸਭਾ ਚੋਣਾਂ ਵਿੱਚ ਕੁਝ ਹੀ ਸਮਾਂ ਰਹਿ ਗਿਆ ਹੈ ਤੇ ਅਕਾਲੀ ਦਲ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਪਾਰਟੀ ਦੇ ਚਾਲ-ਚਲਣ ਤੋਂ ਦੁਖੀ ਹੋ ਕੇ ਵੱਖ ਹੋਣ ਦੀ ਸ਼ੁਰੂਆਤ ਕਰਨ ਵਾਲੇ ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਬਾਦਲ ਪਰਿਵਾਰ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਢੀਂਡਸਾ ਨੇ ਬਾਦਲਾਂ ਦਾ ਨਾਂ ਲਏ ਬਗ਼ੈਰ ਕਿਹਾ ਹੈ ਕਿ ਪਾਰਟੀ 'ਤੇ ਕਾਬਜ਼ ਪਰਿਵਾਰ ਦੇ ਲਾਂਭੇ ਹੋਏ ਬਗ਼ੈਰ ਇੱਕ ਹੋਣਾ ਸੰਭਵ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਲੋਕ ਸਭਾ ਚੋਣ ਨਹੀਂ ਲੜੇਗਾ।
ਸੁਖਦੇਵ ਸਿੰਘ ਢੀਂਡਸਾ ਨੇ ਦੱਸਿਆ ਕਿ ਲੋਕ ਅਕਾਲੀ ਦਲ ਦੇ ਖਿਲਾਫ ਨਹੀਂ ਹਨ ਤੇ ਨਾ ਹੀ ਕਦੇ ਅਕਾਲੀ ਦਲ ਖ਼ਤਮ ਹੋਇਆ ਹੈ। ਲੋਕ ਅਕਾਲੀ ਦਲ ਦੇ ਖਿਲਾਫ ਨਹੀਂ ਹਨ ਸਗੋਂ ਕੁਝ ਨੇਤਾਵਾਂ ਦੇ ਖ਼ਿਲਾਫ਼ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਨੇਤਾ ਪਿੱਛੇ ਹਟ ਜਾਣ ਤਾਂ ਅਕਾਲੀ ਦਲ ਫਿਰ ਖੜ੍ਹਾ ਹੋ ਸਕਦਾ ਹੈ। ਟਕਸਾਲੀ ਤੇ ਪੁਰਾਣੇ ਅਕਾਲੀ ਜੋ ਹੁਣ ਘਰ ਬੈਠ ਗਏ ਹਨ, ਉਹ ਵੀ ਇਕੱਠੇ ਹੋ ਸਕਦੇ ਹਨ।
ਢੀਂਡਸਾ ਨੇ ਬਾਦਲ ਪਰਿਵਾਰ ਦਾ ਨਾਂ ਲਏ ਬਗ਼ੈਰ ਕਿਹਾ ਕਿ ਇਹ ਤਾਂ ਉਨ੍ਹਾਂ ਲੋਕਾਂ ਨੂੰ ਚਾਹੀਦਾ ਹੈ ਜੋ ਪਾਰਟੀ 'ਤੇ ਕਾਬਜ਼ ਹਨ ਤੇ ਪਾਰਟੀ ਬਚਾਉਣ ਲਈ ਕੋਈ ਕੁਰਬਾਨੀ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਤਾਂ ਉਨ੍ਹਾਂ ਨਾਲ ਬਹੁਤ ਗੱਲਾਂ ਕਰਕੇ ਵੇਖ ਲਈਆਂ ਤੇ ਸਿੱਟਾ ਨਾ ਨਿਕਲਣ 'ਤੇ ਹੀ ਪਿੱਛੇ ਹਟਿਆ ਹਾਂ। ਹੁਣ ਤਾਂ ਉਹ ਪਰਿਵਾਰ ਹੀ ਵੇਖੇ ਕੀ ਕਰਨਾ ਚਾਹੀਦਾ।
ਰਾਜ ਸਭਾ ਮੈਂਬਰ ਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਰਹਿ ਚੁੱਕੇ ਦਿੱਗਜ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ 2019 ਆਮ ਚੋਣਾਂ ਦੌਰਾਨ ਨਾ ਉਹ ਖ਼ੁਦ ਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦਾ ਕੋਈ ਜੀਅ ਚੋਣ ਲੜੇਗਾ। ਉਨ੍ਹਾਂ ਆਪਣੇ ਪੁੱਤਰ ਤੇ ਸਾਬਕਾ ਵਿੱਚ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਚੋਣ ਲੜਨ ਦੀਆਂ ਕਿਆਸਰਾਈਆਂ ਰੱਦ ਕਰਦਿਆਂ ਕਿਹਾ ਕਿ ਪਰਮਿੰਦਰ ਵਿਧਾਇਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦੇ ਕਹਿਣ ਦਾ ਕੋਈ ਮਤਲਬ ਨਹੀਂ ਬਣਦਾ ਕਿਉਂਕਿ ਹੁਣ ਚੋਣ ਲੜਨ ਲਈ ਹਾਲਾਤ ਵੀ ਠੀਕ ਨਹੀਂ ਹਨ।