ਲਾਹੌਰ: ਕਰਤਾਰਪੁਰ ਸਾਹਿਬ ਗਲਿਆਰੇ ਨੂੰ ਪੂਰਾ ਕਰਨ ਲਈ ਪਾਕਿਸਤਾਨ ਵੱਲੋਂ ਭੇਜੇ ਸੱਦੇ ਨੂੰ ਭਾਰਤ ਵੱਲੋਂ 'ਮੋੜਨ' ਨੂੰ ਗੁਆਂਢੀ ਮੁਲਕ ਨੇ ਹਾਸੋਹੀਣਾ ਦੱਸਿਆ ਹੈ। ਦਰਅਸਲ, ਪਾਕਿਸਤਾਨ ਨੇ ਕੌਰੀਡੋਰ ਸਬੰਧੀ ਭਾਰਤੀ ਅਧਿਕਾਰੀਆਂ ਦੇ ਵਫ਼ਦ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤੀ ਸੀ ਪਰ ਭਾਰਤ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਪਾਕਿਸਤਾਨੀ ਵਫ਼ਦ ਨੂੰ ਇੱਧਰ (ਭਾਰਤ) ਆਉਣਾ ਚਾਹੀਦਾ ਹੈ।
ਪਾਕਿਸਤਾਨ ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਇਸਲਾਮਾਬਾਦ ਨੇ ਸਮਝੌਤੇ ਨਾਲ ਜੁੜੇ ਵਿਸਥਾਰਤ ਦਸਤਾਵੇਜ਼ ਸਾਂਝੇ ਕਰਦਿਆਂ ਹੋਇਆਂ ਭਾਰਤੀ ਵਫ਼ਦ ਨੂੰ ਸੱਦਾ ਭੇਜਿਆ ਸੀ ਤਾਂ ਜੋ ਲਾਂਘੇ ਦੀਆਂ ਸ਼ਰਤਾਂ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਸਕਣ। ਪਰ ਹਾਂ-ਪੱਖੀ ਉੱਤਰ ਦੀ ਬਜਾਇ ਭਾਰਤ ਨੇ ਪਾਕਿਸਤਾਨੀ ਵਫ਼ਦ ਨੂੰ ਸੱਦਾ ਦਿੰਦਿਆਂ 26 ਫ਼ਰਵਰੀ ਜਾਂ ਸੱਤ ਮਾਰਚ ਨੂੰ ਦਿੱਲੀ ਆਉਣ ਦੀ ਸਲਾਹ ਦਿੱਤੀ ਹੈ।
ਫੈਜ਼ਲ ਨੇ ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਨੇ ਨਿਆਣੀ ਮੱਤ ਦਾ ਮੁਜ਼ਾਹਰਾ ਕਰਦਿਆਂ ਅਜੀਬ ਵਿਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਤੰਬਰ 2018 ਵਿੱਚ ਵੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਚਿੱਠੀ 'ਤੇ ਵੀ ਭਾਰਤ ਨੇ ਅਜਿਹਾ ਹੀ ਜਵਾਬ ਦਿੱਤਾ ਸੀ। ਫੈਜ਼ਲ ਦੇ ਜਵਾਬ ਤੋਂ ਜਾਪਦਾ ਹੈ ਕਿ ਪਾਕਿਸਤਾਨ ਦੇ ਅਧਿਕਾਰਖੇਤਰ ਵਿੱਚ ਆਉਣ ਵਾਲੇ ਗੁਰੂ ਘਰ ਬਾਰੇ ਆਖ਼ਰੀ ਫੈਸਲਾ ਉਨ੍ਹਾਂ ਮੁਤਾਬਕ ਹੋਵੇ, ਪਰ ਭਾਰਤ ਦੇ ਜਵਾਬ ਕਾਰਨ ਲਾਂਘੇ ਦੀਆਂ ਸ਼ਰਤਾਂ ਤੈਅ ਹੋਣ ਵਿੱਚ ਦੇਰੀ ਹੋ ਸਕਦੀ ਹੈ।