ਨਵੀਂ ਦਿੱਲੀ: ਚੀਨ ਦੀ ਵਧਦੀ ਫ਼ੌਜੀ ਤਾਕਤ ਦਾ ਮੁਕਾਬਲਾ ਕਰਨ ਲਈ ਭਾਰਤ ਵੀ ਹੁਣ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਇਸ ਤਹਿਤ ਭਾਰਤੀ ਜਲ ਸੈਨਾ ਨੇ ਅੰਡੇਮਾਨ-ਨਿਕੋਬਾਰ ਵਿੱਚ ਆਪਣਾ ਤੀਜਾ ਏਅਰਬੇਸ ਖੋਲ੍ਹਣ ਦੀ ਯੋਜਨਾ ਬਣਾਈ ਹੈ। ਇਸ ਦੇ ਸਹਾਰੇ ਮਲੱਕਾ ਸਟ੍ਰੇਟ ਰਾਹੀਂ ਹਿੰਦ ਮਹਾਂਸਾਗਰ ਵਿੱਚ ਦਾਖ਼ਲ ਹੋਣ ਵਾਲੇ ਚੀਨੀ ਜਹਾਜ਼ਾਂ ਤੇ ਪਣਡੁੱਬੀਆਂ ਦੀ ਨਿਗਰਾਨੀ ਕੀਤੀ ਜਾਵੇਗੀ।
ਗੁਆਂਢੀ ਚੀਨ ਪਾਕਿਸਤਾਨ ਤੇ ਸ਼੍ਰੀਲੰਕਾ ਤਕ ਨੇਵੀ ਬੇਸ ਬਣਾ ਕੇ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਵਿੱਚ ਹੈ। ਭਾਰਤ ਨੂੰ ਚਿੰਤਾ ਹੈ ਕਿ ਇਹ ਇੱਕ ਆਊਟਪੋਸਟ ਵਿੱਚ ਤਬਦੀਲ ਹੋ ਸਕਦਾ ਹੈ। ਫ਼ੌਜੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਚੀਨ ਦਾ ਮੁਕਾਬਲਾ ਕਰਨ ਲਈ ਭਾਰਤ ਨੇ ਮੱਲਕਾ ਸਟ੍ਰੇਟ ਵਾਲੇ ਰਸਤੇ ਕੋਲ ਜਹਾਜ਼ ਤਾਇਨਾਤ ਕੀਤੇ ਹਨ।
ਨੇਵੀ ਚੀਫ ਅਨਿਲ ਲਾਂਬਾ ਨਵੇਂ ਫ਼ੌਜੀ ਟਿਕਾਣੇ ਦੇ ਮੁਖੀ ਹੋਣਗੇ। ਇਸ ਬੇਸ ਦਾ ਨਾਂਅ ਆਈਐਨਐਸ ਖੋਸਾ ਹੈ। ਨੇਵੀ ਨੇ ਬਿਆਨ ਵਿੱਚ ਕਿਹਾ ਹੈ ਕਿ ਇਹ ਪੋਰਟ ਬਲੇਅਰ ਤੋਂ 300 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਤੀਜੇ ਬੇਸ ਨੂੰ ਵੱਡੀ ਹਵਾਈ ਪੱਟੀ ਮਿਲੇਗੀ ਤਾਂ ਜੋ ਲੜਾਕੂ ਜਹਾਜ਼ਾਂ ਨੂੰ ਉਤਾਰਨ ਤੇ ਉਡਾਨ ਭਰਨ ਵਿੱਚ ਕੋਈ ਦਿੱਕਤ ਨਾ ਆਵੇ।
ਜ਼ਿਕਰਯੋਗ ਹੈ ਕਿ ਸਾਲ 2014 ਵਿੱਚ ਚੀਨੀ ਪਣਡੁੱਬੀ ਸ਼੍ਰੀਲੰਕਾ ਦੀ ਬੰਦਰਗਾਹ 'ਤੇ ਰੁਕੀ ਸੀ, ਜਿਸ ਤੋਂ ਬਾਅਦ ਦਿੱਲੀ ਲਗਾਤਾਰ ਚੌਕਸ ਹੈ। ਪਰ ਹੁਣ ਚੀਨ ਦੀ ਵਧਦੀ ਫ਼ੌਜੀ ਸਮਰੱਥਾ ਦੇ ਮੁਕਾਬਲੇ ਵਿੱਚ ਭਾਰਤ ਨੇ ਆਪਣਾ ਬੇਸ ਸਥਾਪਤ ਕਰਨ ਦਾ ਇਰਾਦਾ ਕਰ ਲਿਆ ਹੈ।