ਬੇਅਦਬੀ ਤੇ ਗੋਲ਼ੀਕਾਂਡ: ਕੈਪਟਨ ਦੇ ਮੰਤਰੀ ਦਾ ਬਾਦਲਾਂ 'ਤੇ ਵੱਡਾ ਹਮਲਾ
ਏਬੀਪੀ ਸਾਂਝਾ | 09 Feb 2019 03:57 PM (IST)
ਪਟਿਆਲਾ: ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਬੇਅਦਬੀ ਤੇ ਗੋਲ਼ੀਕਾਂਡ ਬਾਰੇ ਪਿਛਲੀ ਸਰਕਾਰ ਪ੍ਰਤੀ ਹਮਲਾਵਰ ਰੁਖ਼ ਅਖ਼ਤਿਆਰ ਕੀਤਾ ਹੈ। ਰੰਧਾਵਾ ਨੇ ਕਿਹਾ ਕਿ ਬਰਗਾੜੀ ਕਾਂਡ 'ਚ ਜਾਂਚ ਸਾਬਕਾ ਮੁੱਖ ਮੰਤਰੀ ਤਕ ਜ਼ਰੂਰ ਪਹੁੰਚੇਗੀ ਅਤੇ ਨਾਲ ਹੀ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਤਕ ਵੀ ਐਸਆਈਟੀ ਦੀ ਜਾਂਚ ਪਹੁੰਚੇਗੀ। ਰੰਧਾਵਾ ਦਾ ਇਹ ਬਿਆਨ ਉਦੋਂ ਆਇਆ ਹੈ ਜਦ ਬੇਅਦਬੀ ਤੇ ਗੋਲ਼ੀਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਬਹਿਬਲ ਕਲਾਂ ਵਿੱਚ ਫਾਇਰਿੰਗ ਸਬੰਧੀ ਪੁਲਿਸ ਅਧਿਕਾਰੀਆਂ 'ਤੇ ਵੀ ਆਪਣਾ ਸ਼ਿਕੰਜਾ ਕੱਸ ਰਹੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਆਰਐਸਐਸ ਦੀ ਬੀ ਟੀਮ ਹੈ। ਉਨ੍ਹਾਂ ਕਿਹਾ ਸੁਖਬੀਰ ਬਾਦਲ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਕੋਈ ਕਾਂਗਰਸੀ ਨਸ਼ਾ ਨਹੀਂ ਵਿਕਾਅ ਰਿਹਾ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਕਾਂਗਰਸੀਆਂ ਦੇ ਨਾਂਅ ਦੱਸਣ ਸੁਖਬੀਰ ਤੇ ਅਸੀਂ ਉਨ੍ਹਾਂ ਦੀ ਜਾਂਚ ਕਰਵਾਵਾਂਗੇ। ਮੰਤਰੀ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਇਹ ਬਿਆਨ ਝੂਠਾ ਨਿੱਕਲਿਆ ਤਾਂ ਸੁਖਬੀਰ ਬਾਦਲ 'ਤੇ ਐਕਸ਼ਨ ਲਵਾਂਗੇ। ਰੰਧਾਵਾ ਨੇ ਸੁਖਬੀਰ ਤੋਂ ਉਨ੍ਹਾਂ ਦੇ ਰਿਸ਼ਤੇਦਾਰ ਬਿਕਰਮ ਮਜੀਠੀਆ 'ਤੇ ਨਸ਼ੇ ਸਬੰਧੀ ਲੱਗਦੇ ਇਲਜ਼ਾਮਾਂ ਬਾਰੇ ਵੀ ਸਫਾਈ ਦੇਣ ਦੀ ਮੰਗ ਕੀਤੀ।