ਚੰਡੀਗੜ੍ਹ: ਕੈਪਟਨ ਦਾ ਇੱਕ ਹੋਰ ਮੰਤਰੀ ਵਿਵਾਦ ਵਿੱਚ ਘਿਰ ਗਿਆ ਹੈ। ਦਰਅਸਲ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਦੋ ਸਾਲ ਪੁਰਾਣੇ ਵੀਡੀਓ ਨੂੰ ਲੈ ਕੇ ਵਿਰੋਧੀ ਧਿਰਾਂ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਰੰਧਾਵਾ ਨੇ ਇਸ ਵੀਡੀਓ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੇਂਟਿੰਗ ਦੀ ਤੁਲਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਹੈ।


ਦੂਜੇ ਪਾਸੇ ਰੰਧਾਵਾ ਦਾ ਕਹਿਣਾ ਹੈ ਕਿ ਦੋ ਸਾਲ ਪੁਰਾਣੇ ਵੀਡੀਓ ਨੂੰ ਐਡਿਟ ਕਰਕੇ ਉਨ੍ਹਾਂ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੀ ਸ਼ਿਕਾਇਤ ਉਹ ਸਾਈਬਰ ਕ੍ਰਾਇਮ ਨੂੰ ਕਰਨਗੇ। ਇਹ ਵੀਡੀਓ ਦੋ ਸਾਲ ਪਹਿਲਾਂ ਸਹਿਕਾਰੀ ਵਿਭਾਗ ਦੀ ਮੀਟਿੰਗ ਦਾ ਹੈ।

ਸਿਰਫ 24 ਸੈਕਿੰਡ ਦੀ ਇਸ ਵੀਡੀਓ ਵਿੱਚ ਇੱਕ ਬੰਦਾ ਰੰਧਾਵਾ ਕੋਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੇਂਟਿੰਗ ਲੈ ਕੇ ਆਉਂਦਾ ਹੈ। ਪੇਂਟਿੰਗ ਨੂੰ ਵੇਖ ਕੇ ਰੰਧਾਵਾ ਕਹਿੰਦੇ ਹਨ, ਹੁਣ ਆਹ ਦੇਖੋ ਨਾ ਗੁਰੂ ਨਾਨਕ ਸਾਹਿਬ ਆ ਏ ਫੌਜੀ ਬਣਾ ਦਿੱਤਾ ਆ...ਦੂਰੋਂ ਵੇਖੋ ਤਾਂ ਕੈਪਟਨ ਸਾਹਬ ਨਹੀਂ ਲੱਗਦੇ। ਇਸ ਮਗਰੋਂ ਹਾਸਾ ਮੱਚ ਜਾਂਦਾ ਹੈ।

ਵੀਡੀਓ ਦਾ ਬਾਹਰ ਆਉਂਦਿਆਂ ਹੀ ਅਕਾਲੀ ਦਲ ਨੇ ਕਿਹਾ ਹੈ ਕਿ ਇਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਕੈਪਟਨ ਨੂੰ ਇਸ ਵਿਰੁੱਧ ਕਰਾਵਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸ਼੍ਰੀ ਅਕਾਲੀ ਤਖ਼ਤ ਸਾਹਿਬ ਨੂੰ ਵੀ ਇਸ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ।