ਪਾਰਟੀ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਰਹੇ ਹਨ ਅਤੇ ਲਗਾਤਾਰ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ 'ਤੇ ਸ਼ਬਦੀ ਹਮਲੇ ਕਰਦੇ ਰਹੇ ਹਨ। ਕੋਰ ਕਮੇਟੀ ਵੱਲੋਂ ਜਾਰੀ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਾਰਟੀ ਵੱਲੋਂ ਆਪਣੇ ਪੱਧਰ 'ਤੇ ਹਰ ਸੰਭਵ ਯਤਨ ਕਰ ਕੇ ਦੋਵਾਂ ਆਗੂਆਂ ਨੂੰ ਸਮਝਾਉਣ ਵਿਚ ਅਸਫਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਫ਼ੌਰੀ ਤੌਰ 'ਤੇ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਪਹਿਲੀ ਨਵੰਬਰ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੀ ਚੰਡੀਗੜ੍ਹ ਫੇਰੀ ਦੌਰਾਨ ਵੀ ਸੁਖਪਾਲ ਖਹਿਰਾ ਵਿਰੁੱਧ ਕਾਰਵਾਈ ਦੇ ਸੰਕੇਤ ਦਿੱਤੇ ਸਨ। ਉਨ੍ਹਾਂ ਕਿਹਾ ਸੀ ਕਿ ਜਦੋਂ ਕੋਈ ਵੀ ਐਕਸ਼ਨ ਲਿਆ ਜਾਵੇਗਾ ਤਾਂ ਜ਼ਰੂਰ ਦੱਸਿਆ ਜਾਵੇਗਾ। ਕੇਜਰੀਵਾਲ ਨੇ ਸਪਸ਼ਟ ਕਰ ਦਿੱਤਾ ਸੀ ਕਿ ਹੁਣ ਕੋਈ ਗੱਲਬਾਤ ਨਹੀਂ ਸਗੋਂ ਐਕਸ਼ਨ ਹੀ ਹੋਏਗਾ। ਪੰਜਾਬ ਦੇ ਲੀਡਰਾਂ ਨੇ ਗੱਲਬਾਤ ਦੀ ਥਾਂ ਸਖਤੀ ਦੀ ਵਕਾਲਤ ਕੀਤੀ ਜਿਸ ਨਾਲ ਕੇਜਰੀਵਾਲ ਸਹਿਮਤ ਹੋ ਗਏ।