ਗੁਰਦਾਸਪੁਰ: ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਅਹੁਦੇਦਾਰੀਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੇਖਵਾਂ ਨੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਨੂੰ ਤਿਆਗ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਅਸਤੀਫ਼ੇ ਨੂੰ ਬੀਮਾਰੀ ਜਾਂ ਖ਼ਰਾਬ ਸਿਹਤ ਕਰਕੇ ਨਹੀਂ ਬਲਕਿ ਪਾਰਟੀ ਦੇ ਨੌਜਵਾਨ ਲੀਡਰਾਂ ਕਰ ਕੇ ਦਿੱਤਾ ਗਿਆ ਦੱਸਿਆ ਗਿਆ ਹੈ। ਸੇਖਵਾਂ ਦੇ ਅਸਤੀਫ਼ੇ ਨਾਲ ਹੁਣ ਅਕਾਲੀ ਦਲ ਵਿੱਚ ਵੱਡਾ ਪਾੜਾ ਪੈ ਗਿਆ ਹੈ।

ਸੇਖਵਾਂ ਨੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾ. ਰਤਨ ਸਿੰਘ ਅਜਨਾਲਾ ਨਾਲ ਸਾਂਝੀ ਪ੍ਰੈਸ ਕਾਨਫ਼ਰੰਸ ਕਰ ਬਾਦਲ ਪਰਿਵਾਰ ਵਿਰੁੱਧ ਜੰਮ ਕੇ ਭੜਾਸ ਕੱਢੀ। ਸੇਖਵਾਂ ਤੇ ਹੋਰਨਾਂ ਟਕਸਾਲੀ ਆਗੂਆਂ ਨੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਨਕਾਰਦਿਆਂ ਕਿਹਾ ਕਿ ਸੁਖਬੀਰ ਤੇ ਮਜੀਠੀਆ ਨੂੰ ਪਤਾ ਨਹੀਂ ਕਿ ਅਕਾਲੀ ਦਲ ਕੀ ਹੈ।

ਸੇਵਾ ਸਿੰਘ ਸੇਖਵਾਂ ਤੋਂ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੀਆਂ ਅਹੁਦੇਦਾਰੀਆਂ ਛੱਡ ਚੁੱਕੇ ਹਨ। ਸੇਖਵਾਂ ਨੇ ਇੱਥੇ ਇਹ ਵੀ ਕਹਿ ਦਿੱਤਾ ਕਿ ਅਕਾਲੀ ਦਲ ਕਿਸੇ ਦੇ ਪਿਓ ਦਾ ਨਹੀਂ ਬਲਕਿ ਸਾਡਾ ਸਾਰਿਆਂ ਦਾ ਹੈ। ਮਾਝੇ ਦੇ ਟਕਸਾਲੀ ਲੀਡਰਾਂ ਨੇ ਸੁਖਬੀਰ ਬਾਦਲ ਵੱਲੋਂ ਚੁਰਾਸੀ ਸਿੱਖ ਕਤਲੇਆਮ ਦੇ ਪੀੜਤਾਂ ਲਈ ਇਨਸਾਫ਼ ਪ੍ਰਾਪਤੀ ਲਈ ਕਾਂਗਰਸ ਪ੍ਰਧਾਨ ਦਾ ਘਿਰਾਓ ਨੂੰ ਨਕਾਰ ਦਿੱਤਾ।