ਚੰਡੀਗੜ੍ਹ: ਬੀਤੀ ਮਈ ਦੌਰਾਨ ਲੁਧਿਆਣਾ ਜੇਲ੍ਹ ਵਿੱਚੋਂ ਫਰਾਰ ਹੋਏ ਦੋ ਭਰਾਵਾਂ ਨੂੰ ਖੰਨਾ ਪੁਲਿਸ ਨੇ ਮੁੜ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਹ ਦੋਵੇਂ ਜਣੇ ਫ਼ਿਲਮੀ ਅੰਦਾਜ਼ ਵਿੱਚ ਪੁਲਿਸ ਤੇ ਫ਼ੌਜ ਦੀ ਵਰਦੀ ਪਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਮੰਦਰਾਂ 'ਚ ਹੱਥ ਸਾਫ਼ ਕਰਨ ਨੂੰ ਤਰਜੀਹ ਦਿੰਦੇ ਸਨ। ਪੰਜਾਬ ਪੁਲਿਸ ਕਾਫੀ ਸਮੇਂ ਤੋਂ ਦੋਵਾਂ ਦੀ ਤਲਾਸ਼ ਕਰ ਰਹੀ ਸੀ।
ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਮੁਲਜ਼ਮ ਭਰਾ ਹਨ ਜੋ 14 ਮਈ ਨੂੰ ਲੁਧਿਆਣਾ ਜੇਲ੍ਹ ਵਿੱਚੋਂ ਫਰਾਰ ਹੋ ਗਏ ਸੀ। ਇਹ ਦੋਵੇਂ ਬੈਂਕ ਵਿੱਚ ਡਕੈਤੀ ਕਰਨ ਦੇ ਇਲਜ਼ਾਮਾਂ ਵਿੱਚ ਜੇਲ੍ਹ ਵਿੱਚ ਬੰਦ ਸਨ। ਇਹ ਜ਼ਿਆਦਾਤਰ ਮੰਦਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ। ਮੰਦਰਾਂ ਵਿੱਚੋਂ ਮਹਿੰਗੀਆਂ ਮੂਰਤੀਆਂ ਚੋਰੀ ਕਰਦੇ ਸਨ।
ਪੁਲਿਸ ਨੇ ਦੋਵਾਂ ਕੋਲੋਂ ਫ਼ੌਜ ਦੀਆਂ ਵਰਦੀਆਂ, ਚਾਂਦੀ ਦੀਆਂ ਭਗਵਾਨ ਦੀਆਂ ਮੂਰਤੀਆਂ ਤੇ ਵੱਡੀ ਮਾਤਰਾ ਵਿੱਚ ਮੋਬਾਈਲ ਫੋਨ, ਗੈਸ ਕਟਰ ਤੇ ਸਲੰਡਰ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਤਾਲਿਆਂ ਦੀਆਂ ਚਾਬੀਆਂ, ਪੁਲਿਸ ਦੇ ਜਾਅਲੀ ਆਈਡੀ ਕਾਰਡ ਤੇ ਆਧਾਰ ਕਾਰਡ ਵੀ ਬਰਾਮਦ ਕੀਤੇ ਗਏ ਹਨ।