ਮਾਰਕਫੈਡ ਦੇ ਡੀਐਮ ’ਤੇ ਡਿੱਗੀ #MeToo ਦੀ ਗਾਜ, ਜਾਂਚ ਲਈ SIT ਗਠਿਤ
ਏਬੀਪੀ ਸਾਂਝਾ | 03 Nov 2018 10:52 AM (IST)
ਅੰਮ੍ਰਿਤਸਰ: ਮਾਰਕਫੈਡ ਦੇ ਜ਼ਿਲ੍ਹਾ ਮੈਨੇਜਰ ਕੁਲਵਿੰਦਰ ਸਿੰਘ ਖਿਲਾਫ ਇੱਕ ਮਹਿਲਾ ਮੁਲਾਜ਼ਮ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਜਿਸ ਵਿੱਚ ਮਹਿਲਾ ਮੁਲਾਜ਼ਮ ਨੇ ਕੁਲਵਿੰਦਰ ਸਿੰਘ ’ਤੇ ਜਿਣਸੀ ਸੋਸ਼ਣ ਦੇ ਇਲਜ਼ਾਮ ਲਾਏ ਹਨ। ਥਾਣਾ ਰਣਜੀਤ ਐਵੀਨਿਊ ਵਿੱਚ ਸ਼ਿਕਾਇਤ ਬਾਅਦ ਪੁਲਿਸ ਕਮਿਸ਼ਨਰ ਨੇ ਇਸਦੀ ਜਾਂਚ ਲਈ ਏਸੀਪੀ ਹੈਡ ਕਵਾਰਟਰ ਰਿਚਾ ਅਗਨੀਹੋਤਰੀ ਦੀ ਅਗਵਾਈ ਵਿੱਚ ਇੱਕ ਐਸਆਈਟੀ ਬਣਾ ਦਿੱਤੀ ਹੈ। ਮਹਿਲਾ ਮੁਲਾਜ਼ਮ ਨੇ ਇਲਜ਼ਾਮ ਲਾਇਆ ਹੈ ਕਿ 6-7 ਮਹੀਨੇ ਪਹਿਲਾਂ ਜਦੋਂ ਤੋਂ ਕੁਲਵਿੰਦਰ ਸਿੰਘ ਨੇ ਬਤੌਰ ਜ਼ਿਲ੍ਹਾ ਮੈਨੇਜਰ ਇੱਥੇ ਜੁਆਇਨ ਕੀਤਾ ਹੈ, ਉਦੋਂ ਤੋਂ ਹੀ ਉਹ ਉਸ ’ਤੇ ਬੁਰੀ ਨਜ਼ਰ ਰੱਖ ਰਹੇ ਸਨ। SIT ਦੀ ਟੀਮ ਵਿੱਚ ਏਸੀਪੀ ਦੇ ਇਲਾਵਾ ਇੰਸਪੈਕਟਰ ਪਰਮਦੀਪ ਕੌਰ ਤੇ ਥਾਣਾ ਰਣਜੀਤ ਐਵੀਨਿਊ ਦੇ ਮੁਖੀ ਸੁਖਇੰਦਰ ਸਿੰਘ ਨੂੰ ਰੱਖਿਆ ਗਿਆ ਹੈ। ਸਿਟ ਨੂੰ ਪੂਰੇ ਮਾਮਲੇ ਸਬੰਧੀ ਜਲਦੀ ਤੋਂ ਜਲਦੀ ਜਾਂਚ ਕਰਕੇ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਇਸਦੇ ਨਾਲ ਹੀ ਮਾਰਕਫੈਡ ਦੀਆਂ ਮਹਿਲਾ ਮੁਲਾਜ਼ਮਾਂ ਨੇ ਸ਼ੁੱਕਰਵਾਰ ਨੂੰ ਦਫ਼ਤਰ ਦੇ ਬਾਹਰ ਡੀਐਮ ਕੁਲਵਿੰਦਰ ਸਿੰਘ ਖਿਲਾਫ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ। ਇਸ ਮਾਮਲੇ ’ਤੇ ਤੁਰੰਤ ਕਾਰਵਾਈ ਕਰਦਿਆਂ ਵਿਭਾਗ ਨੇ ਐਮਡੀ ਵਰੁਣ ਰੂਜ਼ਮ ਨੇ ਡੀਐਮ ਦਾ ਤਬਾਦਲਾ ਜਲੰਧਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਐਨਜੀਓ ਤੇ ਵਿਭਾਗ ਦੀ ਸੈਕਸੁਅਲ ਕਮੇਟੀ ਕਰੇਗੀ। ਦੂਜੇ ਪਾਸੇ ਡੀਐਮ ਕੁਲਵਿੰਦਰ ਸਿੰਘ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਖਿਲਾਫ ਸਾਜ਼ਿਸ਼ ਘੜੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਜਾਂਚ ਦੇ ਬਾਅਦ ਸਭ ਕੁਝ ਸੀਫ ਹੋ ਜਾਏਗਾ।