ਚੰਡੀਗੜ੍ਹ: ਆਮ ਆਦਮੀ ਪਾਰਟੀ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ। ਬਾਗੀ ਧੜ੍ਹੇ ਦੇ ਲੀਡਰ ਸੁਖਪਾਲ ਖਹਿਰਾ ਨਾਲ ਹੋਈ ਮੀਟਿੰਗ ਬੇਨਤੀਜਾ ਰਹੀ ਹੈ। ਚੰਡੀਗੜ੍ਹ ਪੁੱਜੇ ਅਰਵਿੰਦ ਕੇਜਰੀਵਾਲ ’ਤੇ ਸੁਖਪਾਲ ਖਹਿਰਾ ਨੇ ਇਲਜ਼ਾਮ ਲਾਇਆ ਕਿ ਕੇਜਰੀਵਾਲ ਨੂੰ ਹਰਿਆਣਾ ਦਿਵਸ ਤਾਂ ਯਾਦ ਰਿਹਾ, ਪਰ ਉਨ੍ਹਾਂ ਨੂੰ ਪੰਜਾਬ ਦਿਵਸ ਤੇ ਪੰਜਾਬ ਦੇ ਮੁੱਦੇ ਯਾਦ ਨਹੀਂ। ਕੇਜਰੀਵਾਲ ਨੂੰ ਪੰਜਾਬ ਦੀ ਨਹੀਂ, ਹਰਿਆਣਾ ਦੀ ਵੱਧ ਚਿੰਤਾ ਹੈ। ਖਹਿਰਾ ਦੇ ਇਨ੍ਹਾਂ ਇਲਜ਼ਾਮਾਂ ’ਤੇ ਪਾਰਟੀ ਦੇ ਵਿਰੋਧੀ ਧਿਰ ਲੀਡਰ ਹਰਪਾਲ ਸਿੰਘ ਚੀਮਾ ਨੇ ਸੁਖਪਾਲ ਖਹਿਰਾ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਨਫ਼ਰਤ ਕਰਦੇ ਹਨ।

ਇਹ ਵੀ ਪੜ੍ਹੋ- ਕੇਜਰੀਵਾਲ ਦੀ ਚੰਡੀਗੜ੍ਹ ਫੇਰੀ ਮਗਰੋਂ ਖਹਿਰਾ ਦਾ ਵੱਡਾ ਦਾਅਵਾ

ਉਨ੍ਹਾਂ ਕਿਹਾ ਕਿ ਖਹਿਰਾ ‘ਆਪ’ ਦੇ ਲੀਡਰ ਹਨ, ਇਸੇ ਪਾਰਟੀ ਦੇ ਵਿਧਾਇਕ ਹਨ ਤੇ ਇਸੇ ਪਾਰਟੀ ਦੇ ਟਿਕਟ ’ਤੇ ਵਿਧਾਇਕ ਦਾ ਅਹੁਦਾ ਲਿਆ ਹੈ, ਪਰ ਹੁਣ ਲੱਗ ਰਿਹਾ ਹੈ ਕਿ ਉਹ ਕਿਤੇ ਹੋਰ ਖੇਡਾਂ ਖੇਡ ਰਹੇ ਹਨ। ਉਹ ਪਾਰਟੀ  ਨੂੰ ਬਚਾਉਣ ਦੀ ਗੱਲ ਨਹੀਂ ਕਰਦੇ ਬਲਕਿ ਜਿਸ ਪਾਰਟੀ ਵਿੱਚ ਜਾਂਦੇ ਹਨ, ਉਸਨੂੰ ਤੋੜਨ ਦੀ ਹੀ ਗੱਲ ਕਰਦੇ ਹਨ ਤੇ ਉਸੀ ਪਾਰਟੀ ਦੇ ਪੇਟ ’ਚ ਛੁਰਾ ਮਾਰ ਦਿੰਦੇ ਹਨ। ਕਾਂਗਰਸ ਨਾਲ ਉਹ ਅਜਿਹਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਦਾ ਪੁਰਾਣਾ ਰਿਕਾਰਡ ਹੈ ਕਿ ਉਹ ਜਿਸ ਵੀ ਪਾਰਟੀ ਵਿੱਚ ਗਏ ਹਨ, ਉਸੇ ਪਾਰਟੀ ਖਿਲਾਫ ਹੋ ਜਾਂਦੇ ਹਨ।

ਹਰਪਾਲ ਚੀਮਾ ਨੇ ਕਿਹਾ ਕਿ ਇਹ ਸੁਖਪਾਲ ਖਹਿਰਾ ਦੀ ਆਦਤ ਬਣ ਚੁੱਕੀ ਹੈ ਕਿ ਜਿਸ ਥਾਲੀ ਵਿੱਚ ਉਹ ਖਾਂਦੇ ਹਨ, ਉਸੇ ਵਿੱਚ ਛੇਕ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਇਸ ਬਾਰੇ ਕੋਈ ਫੈਸਲਾ ਕਰੇਗੀ।