ਅੰਮ੍ਰਿਤਸਰ: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਮਹਾਗਠਜੋੜ ਬਣਾਇਆ ਜਾਵੇ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਆਮ ਆਦਮੀ ਪਾਰਟੀ ਤੇ ਇਸ ਤੋਂ ਬਾਗ਼ੀ ਹੋ ਵੱਖ ਹੋਏ ਲੀਡਰ ਸੁਖਪਾਲ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਦਰਮਿਆਨ ਗਠਜੋੜ ਹੋ ਸਕਦਾ ਹੈ। ਇਸ ਦੀ ਖ਼ਾਹਸ਼ ਖ਼ੁਦ ਸੁਖਪਾਲ ਖਹਿਰਾ ਨੇ ਜ਼ਾਹਰ ਕੀਤੀ ਹੈ।
ਖਹਿਰਾ ਨੇ ਅੱਜ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਉਨ੍ਹਾਂ ਕਿਹਾ ਕਿ ਅਜੇ ਗੱਲਬਾਤ ਸ਼ੁਰੂਆਤੀ ਦੌਰ ਵਿੱਚ ਹੈ ਤੇ ਆਉਣ ਵਾਲੇ ਸਮੇਂ 'ਚ ਇਸ ਦੇ ਹਾਂ ਪੱਖੀ ਨਤੀਜੇ ਨਿਕਲ ਸਕਦੇ ਹਨ। ਇਸ ਦੇ ਨਾਲ ਹੀ ਖਹਿਰਾ ਨੇ ਆਖਿਆ ਕਿ ਬ੍ਰਹਮਪੁਰਾ ਉਨ੍ਹਾਂ ਦੇ ਸਤਿਕਾਰਯੋਗ ਹਨ ਤੇ ਉਨ੍ਹਾਂ ਦੇ ਪਿਤਾ ਜੀ ਨਾਲ ਕੰਮ ਕਰਦੇ ਰਹੇ ਹਨ। ਉਹ ਚਾਹੁੰਦੇ ਹਨ ਕਿ ਵਿਰੋਧੀ ਪਾਰਟੀਆਂ ਨੂੰ ਹਰਾਉਣ ਲਈ ਮਹਾਗਠਜੋੜ ਕੀਤਾ ਜਾਵੇ ਬੇਸ਼ੱਕ ਉਸ ਵਿੱਚ ਆਮ ਆਦਮੀ ਪਾਰਟੀ ਵੀ ਆ ਜਾਵੇ ਬਸ਼ਰਤੇ 'ਆਪ', ਕਾਂਗਰਸ ਨਾਲ ਸਮਝੌਤਾ ਨਾ ਕਰੇ। ਹਾਲਾਂਕਿ, 'ਆਪ' ਨੇ ਪਹਿਲਾਂ ਹੀ ਗਠਜੋੜ ਨਾ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ: ਖਹਿਰਾ ਦੇ ਵੱਖ ਹੁੰਦਿਆਂ ਹੀ ਟਕਸਾਲੀਆਂ ਕੋਲ ਪਹੁੰਚੇ ਭਗਵੰਤ ਮਾਨ
ਸੁਖਪਾਲ ਖਹਿਰਾ ਨੇ ਕਿਹਾ ਕਿ ਸਿਰਫ਼ ਉਹ ਸਿਆਸੀ ਪਾਰਟੀਆਂ ਉਨ੍ਹਾਂ 'ਤੇ ਹਮਲੇ ਕਰਦੀਆਂ ਹਨ ਜਿਨ੍ਹਾਂ ਦੀ ਉਹ ਪੋਲ ਖੋਲ੍ਹਦੇ ਰਹੇ ਹਨ ਜਿਨ੍ਹਾਂ ਵਿੱਚ ਕਾਂਗਰਸ ਤੇ ਅਕਾਲੀ ਦਲ ਜ਼ਿਕਰਯੋਗ ਹਨ। ਸੁਖਪਾਲ ਖਹਿਰਾ ਨੇ ਗੁਰਮੀਤ ਰਾਮ ਰਹੀਮ ਨੂੰ ਅੱਜ ਪੱਤਰਕਾਰ ਛਤਰਪਤੀ ਦੇ ਕਤਲ ਵਿੱਚ ਦੋਸ਼ੀ ਠਹਿਰਾਏ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਸ ਫ਼ੈਸਲੇ ਵਿੱਚ ਦੇਰੀ ਜ਼ਰੂਰ ਹੋਈ ਹੈ ਪਰ ਫਿਰ ਵੀ ਇਹ ਫ਼ੈਸਲਾ ਸਵਾਗਤਯੋਗ ਹੈ।
ਖਹਿਰਾ ਨੇ ਕਿਹਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਮਿਲ ਕੇ ਉਨ੍ਹਾਂ ਨੇ ਭਵਿੱਖ ਦੀ ਰਾਜਨੀਤੀ ਸਬੰਧੀ ਚਰਚਾ ਕੀਤੀ ਹੈ ਤੇ ਲੋਕ ਸਭਾ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਹੈ। ਖਹਿਰਾ ਨੇ ਕਿਹਾ ਕਿ ਸਾਡੇ ਸਾਰਿਆਂ ਦੇ ਆਪ ਉਸ ਦੇ ਵਿੱਚ ਖਿਆਲ ਮਿਲਦੇ ਹਨ ਜਿਸ ਕਰਕੇ ਅਸੀਂ ਆਪਸ ਵਿੱਚ ਚਰਚਾ ਕੀਤੀ ਹੈ ਤਾਂ ਕਿ ਕਾਂਗਰਸ ਤੇ ਬਾਦਲਾਂ ਦੇ ਅਕਾਲੀ ਦਲ ਨੂੰ ਲਾਂਭੇ ਕੀਤਾ ਜਾ ਸਕੇ।
ਸਬੰਧਤ ਖ਼ਬਰ: ਸੁਖਪਾਲ ਖਹਿਰਾ ਵੱਲੋਂ ਸੰਗਰੂਰ ਤੋਂ ਚੋਣ ਲੜਨ ਦੀ ਤਿਆਰੀ! ਭਗਵੰਤ ਮਾਨ ਨੂੰ ਮਿਲੇਗੀ ਸਿੱਧੀ ਟੱਕਰ?
ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਤੇ ਉਨ੍ਹਾਂ ਦੇ ਨਾਲ ਖਿਆਲ ਮਿਲਦੇ ਹਨ ਅਤੇ ਉਹ ਚਾਹੁੰਦੇ ਹਨ ਕੇ ਪੰਜਾਬ ਦੇ ਵਿੱਚ ਮਹਾਂਗਠਜੋੜ ਬਣੇ ਤੇ ਸਾਰੀਆਂ ਸਾਂਝੀਆਂ ਪਾਰਟੀਆਂ ਜੋ ਕਾਂਗਰਸ ਅਤੇ ਅਕਾਲੀ ਦਲ ਦੇ ਖਿਲਾਫ਼ ਹਨ ਉਨ੍ਹਾਂ ਦੇ ਖਿਲਾਫ ਗਠਜੋੜ ਬਣਾਇਆ ਜਾਵੇ। ਬ੍ਰਹਮਪੁਰਾ ਨੇ ਆਖਿਆ ਕਿ ਲੋਕ ਸਭਾ ਚੋਣਾਂ ਲੜਨ ਸਬੰਧੀ ਉਨ੍ਹਾਂ ਦੀ ਚਰਚਾ ਜ਼ਰੂਰ ਹੋਈ ਹੈ ਅਤੇ ਇਸ ਬਾਰੇ ਫੈਸਲਾ ਛੇਤੀ ਹੀ ਲੈ ਲਿਆ ਜਾਵੇਗਾ।