ਬਠਿੰਡਾ: ਆਮ ਆਦਮੀ ਪਾਰਟੀ ਵਿੱਚੋਂ ਮੁਅੱਤਲ ਕੀਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਾਗ਼ੀ ਟਕਸਾਲੀਆਂ ਨਾਲ ਹੱਥ ਮਿਲਾਉਣ ਦੀ ਹਾਮੀ ਭਰ ਦਿੱਤੀ ਹੈ। ਖਹਿਰਾ ਨੇ ਆਪਣੇ ਆਉਂਦੀ ਅੱਠ ਨੂੰ ਹੋਣ ਵਾਲੇ ਮਾਰਚ ਸਬੰਧੀ ਬਠਿੰਡਾ ਵਿੱਚ ਰੱਖੀ ਪ੍ਰੈਸ ਕਾਨਫ਼ਰੰਸ ਦੌਰਾਨ ਇਸ ਦੀ ਪੁਸ਼ਟੀ ਕੀਤੀ ਤੇ ਟਕਸਾਲੀ ਲੀਡਰਾਂ ਨਾਲ ਇੱਕਜੁੱਟ ਹੋਣ ਬਾਰੇ ਗੱਲਬਾਤ ਜਾਰੀ ਹੋਣ ਦੀ ਗੱਲ ਵੀ ਕਹੀ।

ਇਹ ਵੀ ਪੜ੍ਹੋ: ਬਾਦਲਾਂ ਨੂੰ ਘੇਰਨ ਲਈ ਟਕਸਾਲੀਆਂ ਨੇ ਘੜੀ ਰਣਨੀਤੀ, 14 ਦਸੰਬਰ ਨੂੰ ਖੋਲ੍ਹਣਗੇ ਸਾਰੇ ਪੱਤੇ

ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਟਕਸਾਲੀ ਅਕਾਲੀਆਂ ਨਾਲ ਮੀਟਿੰਗ ਵੀ ਹੋਈ ਹੈ। ਪਰ ਆਉਣ ਵਾਲੇ ਸਮੇਂ 'ਚ ਕੀ ਹੋਏਗਾ ਮੈਂ ਕੁਝ ਨਹੀਂ ਕਹਿ ਸਕਦਾ। ਖਹਿਰਾ ਨੇ ਸੰਭਾਵਨਾ ਜਤਾਉਂਦੇ ਕਿਹਾ ਕਿ ਉਹ ਸਾਡੇ ਹਮਖਿਆਲੀ ਹਨ ਅਤੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਕਿ ਅਸੀਂ ਉਨ੍ਹਾਂ ਨਾਲ ਮਿਲ ਸਕਦੇ ਹਾਂ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚੋਂ ਕੱਢੇ ਜਾਣ ਤੋਂ ਬਾਅਦ ਟਕਸਾਲੀ ਲੀਡਰ ਵੱਡਾ ਫੈਸਲਾ ਲੈਂਦਿਆਂ ਨਵੀਂ ਸਿਆਸੀ ਪਾਰਟੀ ਦੇ ਗਠਨ ਦਾ ਐਲਾਨ ਕਰ ਚੁੱਕੇ ਹਨ। ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਨੇ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਨਾਂਅ ਆਉਂਦੇ ਦਿਨਾਂ ਵਿੱਚ ਤੈਅ ਹੋਵੇਗਾ।



ਸਬੰਧਤ ਖ਼ਬਰ: ਸੁਖਪਾਲ ਖਹਿਰਾ ਨੇ ਖੋਲ੍ਹੇ ਸਿਆਸੀ ਪੱਤੇ


ਮਾਝੇ ਦੇ ਵੱਡੇ ਲੀਡਰਾਂ ਨੇ ਐਤਵਾਰ ਨੂੰ ਅਕਾਲੀ ਦਲ ਬਾਦਲ 'ਤੇ ਵੱਡੇ ਹਮਲੇ ਬੋਲਦਿਆਂ ਆਪਣੇ ਹਮਖਿਆਲੀਆਂ ਨੂੰ ਨਵੇਂ ਅਕਾਲੀ ਦਲ ਦੇ ਝੰਡੇ ਹੇਠ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਸੁਖਪਾਲ ਖਹਿਰਾ ਤੇ ਸਿਮਰਜੀਤ ਸਿੰਘ ਬੈਂਸ ਸਮੇਤ ਹੋਰ ਅਕਾਲੀ ਲੀਡਰਾਂ ਨੂੰ ਵੀ ਨਵੀਂ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।