ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ 'ਚ ਜੁਟੀ ਕੈਪਟਨ ਸਰਕਾਰ: ਖਹਿਰਾ
ਏਬੀਪੀ ਸਾਂਝਾ | 09 Aug 2018 03:00 PM (IST)
ਅੰਮ੍ਰਿਤਸਰ: ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਵਫਦ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਗਵਰਨਰ ਨੂੰ ਮਿਲ ਕੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਮੰਗ ਕੀਤੀ ਜਾਵੇਗੀ। ਖਹਿਰਾ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਦੇ ਬਾਵਜੂਦ ਇਸ 'ਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਅਕਾਲੀ ਦਲ ਦੀ ਸਰਕਾਰ ਵਾਂਗ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਬਰਗਾੜੀ ਕਾਂਡ ਦੇ ਦੋਸ਼ੀ ਨਾ ਫੜੇ ਜਾਣ। ਖਹਿਰਾ ਨੇ ਮੰਗ ਕੀਤੀ ਕਿ ਬੇਦੋਸ਼ੇ ਸਿੱਖ ਨੌਜਵਾਨਾਂ ਉੱਪਰ ਗੋਲੀ ਚਲਾਉਣ ਵਾਲੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਖਿਲਾਫ ਨਾਵਾਂ ਸਹਿਤ ਪਰਚਾ ਦਰਜ ਹੋਵੇ। ਸੁਖਪਾਲ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਕਿ ਕੀ ਸੀਬੀਆਈ ਨੂੰ ਜਾਂਚ ਠੰਢੇ ਬਸਤੇ ਵਿੱਚ ਪਾਉਣ ਲਈ ਦਿੱਤੀ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਬਿਕਰਮ ਮਜੀਠੀਆ ਦੇ ਡਰੱਗ ਰੈਕੇਟ ਵਾਲੇ ਕੇਸ ਵਿੱਚ ਹਮੇਸ਼ਾ ਕਹਿੰਦੇ ਰਹੇ ਹਨ ਕਿ ਸੀਬੀਆਈ ਦੀ ਜਾਂਚ ਦੇਣ ਦਾ ਮਤਲਬ ਇਹ ਹੈ ਕਿ ਜਾਂਚ ਠੰਢੇ ਬਸਤੇ ਵਿੱਚ ਪਾਈ ਜਾ ਰਹੀ ਹੈ। ਹਾਲਾਂਕਿ ਖਹਿਰਾ ਨੇ ਖੁਦ ਮੰਨਿਆ ਕਿ ਸੀਬੀਆਈ ਜਾਂਚ ਵਿੱਚ ਟਾਈਮ ਕਾਫ਼ੀ ਲੱਗਦਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਸੂਬੇ ਵਿੱਚ ਅਰਾਜਕਤਾ ਤੇ ਡਰ ਦਾ ਮਾਹੌਲ ਹੈ। ਪੰਜਾਬ ਪੁਲਿਸ ਉਸੇ ਤਰ੍ਹਾਂ ਕੈਪਟਨ ਸਰਕਾਰ ਦਾ ਹੱਥ ਠੋਕਾ ਬਣੀ ਹੈ ਜਿਸ ਤਰ੍ਹਾਂ ਬਾਦਲਾਂ ਦਾ ਹੱਥ ਠੋਕਾ ਬਣੀ ਸੀ। ਖਹਿਰਾ ਨੇ ਪਟਿਆਲਾ ਵਿੱਚ ਸਿੱਖ ਨੌਜਵਾਨਾਂ ਦੀ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਵਿੱਚ ਇਰਾਦਾ ਕਤਲ ਤੇ 295 ਧਾਰਾ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਖਹਿਰਾ ਨੇ ਅਕਾਲੀ ਦਲ ਉਪਰ ਹਮਲਾ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਪੁਲਿਸ ਨੇ ਮੌੜ ਬੰਬ ਬਲਾਸਟ ਦੇ ਮਾਮਲੇ ਵਿੱਚ ਤੇ ਬਰਗਾੜੀ ਬੇਅਦਬੀ ਕਾਂਡ ਵਿੱਚ ਕਾਰਵਾਈ ਤਾਂ ਨਹੀਂ ਕੀਤੀ ਕਿਉਂਕਿ ਇਸ ਦੀ ਜਾਂਚ ਡੇਰਾ ਸਿਰਸਾ ਵੱਲ ਘੁੰਮ ਰਹੀ ਸੀ। ਅਕਾਲੀ ਦਲ ਨੂੰ ਆਪਣਾ ਵੋਟ ਬੈਂਕ ਦਿੱਸ ਰਿਹਾ ਸੀ। ਅਕਾਲੀ ਦਲ ਨੂੰ ਡੇਰਾ ਸਿਰਸਾ ਨੇ ਸਿੱਧੀ ਹਮਾਇਤ ਹੀ ਦੇ ਦਿੱਤੀ ਸੀ। ਖਹਿਰਾ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਨੇ ਮੌੜ ਬੰਬ ਬਲਾਸਟ ਨੂੰ 'ਆਪ' ਦੀ ਸਾਜਿਸ਼ ਦੱਸ ਕੇ ਸ਼ਹਿਰੀ ਵੋਟਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ।