ਚੰਡੀਗੜ੍ਹ: ਬਲਵੰਤ ਸਿੰਘ ਰਾਮੂਵਾਲੀਆ ਨੇ ਮੁੜ ਪੰਜਾਬ ਦੀ ਸਿਆਸਤ ਵਿੱਚ ਐਂਟਰੀ ਮਾਰੀ ਹੈ। ਉਨ੍ਹਾਂ ਨੂੰ ਪੰਜਾਬ ਵਿੱਚ ਸਮਾਜਵਾਦੀ ਪਾਰਟੀ ਦੀਆਂ ਜੜ੍ਹਾਂ ਲਾਉਣ ਲਈ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦਾ ਐਲਾਨ ਅੱਜ ਰਾਮੂਵਾਲੀਆ ਨੇ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਤੇ ਚੰਡੀਗੜ੍ਹ ‘ਚ ਸਮਾਜਵਾਦੀ ਪਾਰਟੀ ਨੂੰ ਮਜਬੂਤ ਕੀਤਾ ਜਾਵੇ। ਇਸ ਲਈ ਉਨ੍ਹਾਂ ਨੂੰ ਪੰਜਾਬ ਤੇ ਚੰਡੀਗੜ੍ਹ ਦਾ ਇੰਚਾਰਜ ਲਾਇਆ ਗਿਆ ਹੈ।


 

ਰਾਮੂਵਾਲੀਆ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਢਾਂਚਾ ਖੜ੍ਹਾ ਕੀਤਾ ਜਾਏਗਾ। ਯਾਦ ਰਹੇ ਦੋ ਸਾਲ ਪਹਿਲਾਂ ਰਾਮੂਵਾਲੀਆ ਚੁੱਪ-ਚੁਪੀਤੇ ਅਕਾਲੀ ਦਲ ਨੂੰ ਛੱਡ ਕੇ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ। ਉਹ ਪੰਜਾਬ ਛੱਡ ਕੇ ਉੱਤਰ ਪ੍ਰਦੇਸ਼ ਦੇ ਮੰਤਰੀ ਬਣ ਗਏ ਸੀ।

ਰਾਮੂਵਾਲੀਆ ਨੇ ਸਮਾਜਵਾਦੀ ਪਾਰਟੀ ਨੂੰ ਪੰਜਾਬੀਆਂ ਦੀ ਹਿਤੈਸ਼ੀ ਦੱਸਿਆ। ਉਨ੍ਹਾਂ ਕਿਹਾ ਕਿ ਅਖਿਲੇਸ਼ ਦੀ ਸਰਕਾਰ ਵਿੱਚ ਪੰਜਾਬੀ ਅਕੈਡਮੀ ਨੂੰ ਇੱਕ ਕਰੋੜ 11 ਲੱਖ ਦਿੱਤੇ ਸਨ। ਯੂਪੀ ‘ਚ ਪੰਜਾਬੀ ਬੋਲੀ ਨੂੰ ਸਕੂਲਾਂ ‘ਚ ਮਾਨਤਾ ਦੇਣ ਲਈ ਅਖਿਲੇਸ਼ ਸਰਕਾਰ ‘ਚ ਮੁੱਦਾ ਚੁੱਕਿਆ ਸੀ। ਪੰਜਾਬ ‘ਚ ਸਮਾਜਵਾਦੀ ਪਾਰਟੀ ਨੂੰ ਜਗ੍ਹਾ ਮਿਲਣ 'ਤੇ ਦੇਸ਼ ਭਰ ‘ਚ ਪੰਜਾਬ ਦੇ ਮੁੱਦੇ ਚੁੱਕੇ ਜਾਣਗੇ।

ਰਾਮੂਵਾਲੀਆ ਨੇ ਕਿਹਾ ਕਿ ਯੂਪੀ ‘ਚ ਤਕਰੀਬਨ 15 ਲੱਖ ਪੰਜਾਬੀ ਵੱਸਦੇ ਹਨ। ਇਸ ਤੋਂ ਇਲਾਵਾ 13 ਤੇ 14 ਜੁਲਾਈ ਨੂੰ ਉੱਤਰਾਖੰਡ ਮੀਟਿੰਗ ਕੀਤੀ ਸੀ। ਉੱਥੇ ਵੀ ਸਮਾਜਵਾਦੀ ਪਾਰਟੀ ਦੀ ਰਾਜਨੀਤਕ ਸ਼ਕਤੀ ਉੱਭਰ ਰਹੀ ਹੈ।

ਅਕਾਲੀ ਦਲ ਬਾਰੇ ਰਾਮੂਵਾਲੀਆਂ ਨੇ ਕਿਹਾ ਕਿ ਇਹ ਮਾਣਯੋਗ ਪਾਰਟੀ ਹੈ, ਲੜਨ ਯੋਗ ਨਹੀਂ। ਅਕਾਲੀ ਦਲ ਦਾ ਭਾਰ ਦੇਸ਼ ‘ਚ ਕਾਗਜ਼ ਦੇ ਭਾਰ ਜਿੰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰ ਵੱਸਦੇ ਲੋਕ ਅਕਾਲੀ ਦਲ ਨੂੰ ਆਪਣਾ ਨਹੀਂ ਮੰਨਦੇ। ਪੰਜਾਬ ਦੀ ਹਾਲਤ ਬਾਰੇ ਉਨ੍ਹਾਂ ਕਿਹਾ ਕਿ ਵਿਦੇਸ਼ ਭੇਜਣ ਵਾਲੇ ਏਜੰਟ ਪੰਜਾਬ ਦੀ ਜਵਾਨੀ ਨੂੰ ਖਾ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਤੁਰਕੀ ਤੇ ਹੋਰ ਸ਼ਹਿਰਾਂ ‘ਚ ਪੰਜਾਬ ਦੀਆਂ ਕੁੜੀਆਂ ਨੂੰ ਸਰੀਰਕ ਤੌਰ 'ਤੇ ਵੇਚਿਆ ਤੇ ਖਰੀਦਿਆ ਜਾਂਦਾ ਹੈ।