ਮੋਗਾ: ਆਮ ਆਦਮੀ ਪਾਰਟੀ ਵਿੱਚ ਜਾਰੀ ਕਾਟੋ ਕਲੇਸ਼ ਦਾ ਸੇਕ ਹੁਣ ਪਿੰਡਾਂ ਤਕ ਪਹੁੰਚ ਗਿਆ ਹੈ। ਕਿਸੇ ਵੇਲੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸਾਹ ਵਿੱਚ ਸਾਹ ਭਰਨ ਵਾਲੇ ਪਿੰਡਾਂ ਦੇ ਵਾਲੰਟੀਅਰਾਂ ਨੇ ਦਿੱਲੀ ਹਾਈਕਮਾਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਇੱਥੇ ਹੀ ਬਸ ਨਹੀਂ 'ਆਪ' ਕਾਰਕੁੰਨਾਂ ਨੇ ਵਿਧਾਇਕਾਂ ਨੂੰ ਆਪੋ-ਆਪਣੇ ਪਿੰਡਾਂ ਤੇ ਇਲਾਕਿਆਂ ਵਿੱਚੋਂ ਇਕੱਠਾ ਕਰ ਦਿੱਤਾ ਪਾਰਟੀ ਫੰਡ ਵਾਪਸ ਕਰਵਾਉਣ ਦੀ ਧਮਕੀ ਵੀ ਦਿੱਤੀ ਹੈ।


ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਉਣ ਮਗਰੋਂ ਮੱਚੇ ਘਮਸਾਣ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਧੜੇਬੰਦੀ ਦਾ ਸ਼ਿਕਾਰ ਹੋ ਗਈ ਹੈ, ਉੱਥੇ ਪਾਰਟੀ ਵਰਕਰ ਵੀ ਵੰਡੇ ਗਏ ਹਨ। ਸੁਖਪਾਲ ਸਿੰਘ ਖਹਿਰਾ ਦੇ ਹਮਾਇਤੀ ਵਾਲੰਟੀਅਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਤੋਂ ਚੁਣੇ ਗਏ ਪਾਰਟੀ ਵਿਧਾਇਕ ਖਹਿਰਾ ਦੇ ਖੇਮੇ ਵਿੱਚ ਨਹੀਂ ਰਲਦੇ ਤਾਂ ਉਨ੍ਹਾਂ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦਿੱਤਾ ਗਿਆ ਫੰਡ ਵਾਪਿਸ ਲਿਆ ਜਾਵੇਗਾ।

ਜ਼ਿਲ੍ਹਾ ਮੋਗਾ ਦੇ ਅਧੀਨ ਪੈਂਦੇ ਪਿੰਡ ਘੋਲੀਆ ਖੁਰਦ ਵਿੱਚ 'ਆਪ' ਵਰਕਰਾਂ ਨੇ ਕਿਹਾ ਕਿ ਹਲਕਾ ਨਿਹਾਲ ਸਿੰਘ ਵਾਲਾ ਤੋਂ 'ਆਪ' ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਪਿੰਡਾਂ ਦੇ ਲੋਕਾਂ ਵੱਲੋਂ ਦਿੱਤਾ ਗਿਆ ਫੰਡ ਵਾਪਿਸ ਮੰਗਿਆ ਜਾਵੇਗਾ ਤੇ ਜੇਕਰ ਉਹ ਪੈਸੇ ਨਹੀਂ ਮੋੜਦਾ ਤਾਂ ਉਸ ਦਾ ਘਿਰਾਓ ਵੀ ਕੀਤਾ ਜਾਵੇਗਾ।

ਹਾਲਾਂਕਿ, ਹਾਈਕਮਾਨ ਪੱਖੀ ਵਿਧਾਇਕਾਂ ਤੇ ਉਨ੍ਹਾਂ ਦੇ ਸਮਰਥਕਾਂ ਪਾਸਿਓਂ ਅਜਿਹੀ ਕੋਈ ਐਕਸ਼ਨ ਵੇਖਣ ਨੂੰ ਨਹੀਂ ਮਿਲਿਆ ਹੈ। ਇਸ ਮੌਕੇ 'ਆਪ' ਵਰਕਰਾਂ ਨੇ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦਿਆਂ ਆਮ ਆਦਮੀ ਪਾਰਟੀ ਨੂੰ ਰਿਸ਼ਵਤਖੋਰਾਂ ਤੋਂ ਮੁਕਤ ਕਰਵਾਉਣ ਦੀ ਗੱਲ ਵੀ ਕਹੀ।