ਜਲੰਧਰ: ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਇਸ ਵਾਰ ਬੇਅਦਬੀਆਂ ਦਾ ਮਸਲਾ ਵੱਡਾ ਮੁੱਦਾ ਬਣੇਗਾ। ਕੱਲ੍ਹ ਆਮ ਆਦਮੀ ਪਾਰਟੀ ਦੇ ਲੀਡਰ ਜਸਟਿਸ ਜ਼ੋਰਾ ਸਿੰਘ ਨੇ ਪਿਛਲੀ ਅਕਾਲੀ ਸਰਕਾਰ ਤੇ ਮੌਜੂਦਾ ਕੈਪਟਨ ਸਰਕਾਰ ਦੀ ਪੋਲ ਖੋਲ੍ਹਣ ਦਾ ਦਾਅਵਾ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਰਿਪੋਰਟ 'ਤੇ ਸਰਕਾਰ ਨੇ ਐਕਸ਼ਨ ਨਹੀਂ ਲਿਆ ਸੀ। ਅੱਜ ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਜ਼ੋਰਾ ਸਿੰਘ ਵੋਟਾਂ ਵਾਸਤੇ ਗਲਤਬਿਆਨੀ ਕਰ ਰਹੇ ਹਨ। ਸੁਖਪਾਲ ਖਹਿਰਾ ਅੱਜ ਦੋ ਗ੍ਰੰਥੀਆਂ ਨੂੰ ਵੀ ਮੀਡੀਆ ਸਾਹਮਣੇ ਲਿਆਏ ਜਿਨ੍ਹਾਂ ਦੱਸਿਆ ਕਿ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਕਿਸ ਤਰੀਕੇ ਨਾਲ ਪੁਲਿਸ ਨੇ ਉਨ੍ਹਾਂ 'ਤੇ ਤਸ਼ਦੱਦ ਕੀਤਾ।
ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਸਟਿਸ ਜ਼ੋਰਾ ਸਿੰਘ ਕੱਲ੍ਹ ਚੰਡੀਗੜ੍ਹ ਵਿੱਚ ਮੀਡੀਆ ਸਾਹਮਣੇ ਆਏ ਸਨ। ਉਨ੍ਹਾਂ ਦੱਸਿਆ ਸੀ ਕਿ ਕਿਸ ਤਰੀਕੇ ਨਾਲ ਉਨ੍ਹਾਂ ਦੀ ਬੇਅਦਬੀ ਮਾਮਲੇ ਬਾਰੇ ਰਿਪੋਰਟ 'ਤੇ ਐਕਸ਼ਨ ਨਹੀਂ ਹੋਇਆ ਸੀ। ਉਨ੍ਹਾਂ ਆਪਣੀ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਸੀ ਕਿ ਪੁਲਿਸ ਨੇ ਉਸ ਵੇਲੇ ਦੇ ਗ੍ਰੰਥੀਆਂ ਤੋਂ ਸਹੀ ਤਰੀਕੇ ਨਾਲ ਪੁੱਛਗਿਛ ਨਹੀਂ ਕੀਤੀ। ਅੱਜ ਸੁਖਪਾਲ ਖਹਿਰਾ ਦੋ ਗ੍ਰੰਥੀਆਂ ਨੂੰ ਸਾਹਮਣੇ ਲੈ ਕੇ ਆਏ ਤੇ ਦੱਸਿਆ ਕਿ ਜ਼ੋਰਾ ਸਿੰਘ ਗਲਤ ਬੋਲ ਰਹੇ ਹਨ। ਉਨਾਂ ਨੇ ਆਪਣੀ ਰਿਪੋਰਟ ਵਿੱਚ ਸਾਫ-ਸਾਫ ਅਕਾਲੀਆਂ ਨੂੰ ਬਚਾਇਆ ਸੀ।
ਖਹਿਰਾ ਦਾ ਕਹਿਣਾ ਹੈ ਕਿ ਉਹ ਸ਼ਨੀਵਾਰ ਨੂੰ ਫਰੀਦਕੋਟ ਜਾਣਗੇ ਤੇ ਪੁਲਿਸ ਤਸ਼ਦੱਦ ਦਾ ਸ਼ਿਕਾਰ ਸਾਰੇ ਗ੍ਰੰਥੀਆਂ ਨੂੰ ਮਿਲਣਗੇ ਤੇ ਉਨ੍ਹਾਂ ਦਾ ਮਸਲਾ ਚੁੱਕਣਗੇ। ਜੇ ਹਾਈਕੋਰਟ ਜਾਣਾ ਪਿਆ ਤਾਂ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਹਾਈਕੋਰਟ ਵੀ ਜਾਣਗੇ। ਖਹਿਰਾ ਨੇ ਕਿਹਾ ਕਿ ਬੇਅਦਬੀਆਂ ਤੇ ਗੋਲੀ ਕਾਂਡ ਵਾਸਤੇ ਸਿੱਧੇ ਤੌਰ 'ਤੇ ਬਾਦਲ ਜ਼ਿੰਮੇਵਾਰ ਹਨ। ਖਹਿਰਾ ਮੁਤਾਬਕ ਜ਼ੋਰਾ ਸਿੰਘ ਨੇ ਫਤਿਹਗੜ੍ਹ ਸਾਹਿਬ ਤੋਂ ਚੋਣ ਲੜਣੀ ਹੈ। ਇਸ ਲਈ ਉਹ ਵੋਟਾਂ ਵਾਸਤੇ ਅਜਿਹਾ ਸਾਰਾ ਕੁਝ ਬੋਲ ਰਹੇ ਹਨ। ਆਮ ਆਦਮੀ ਪਾਰਟੀ ਇੰਨੇ ਗੰਭੀਰ ਮੁੱਦੇ 'ਤੇ ਸਿਆਸਤ ਕਰ ਰਹੀ ਹੈ।