ਬਰਗਾੜੀ ਇਕੱਠ ਮਗਰੋਂ ਨਵੀਂ ਪਾਰਟੀ ਦੇ ਕਿਆਸਾਂ ਬਾਰੇ ਖਹਿਰਾ ਨੇ ਤੋੜੀ ਚੁੱਪੀ
ਏਬੀਪੀ ਸਾਂਝਾ | 12 Oct 2018 03:52 PM (IST)
ਚੰਡੀਗੜ੍ਹ: ਬੀਤੀ ਸੱਤ ਅਕਤੂਬਰ ਨੂੰ ਕੋਟਕਪੂਰਾ ਤੋਂ ਲੈ ਕੇ ਬਰਗਾੜੀ ਤਕ ਠਾਠਾਂ ਮਾਰਦੇ ਇਕੱਠ ਤੋਂ ਬਾਅਦ ਸੁਖਪਾਲ ਖਹਿਰਾ ਨੇ ਨਵੀਂ ਪਾਰਟੀ ਦੇ ਗਠਨ ਦੀਆਂ ਕਿਆਸਰਾਈਆਂ 'ਤੇ ਰੋਕ ਲਾ ਦਿੱਤੀ ਹੈ। ਖਹਿਰਾ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫ਼ਰੰਸ ਕਰਦਿਆਂ ਦੱਸਿਆ ਕਿ ਖਬਰਾਂ ਆ ਰਹੀਆਂ ਸੀ ਪਰ ਅਸੀਂ ਕੋਈ ਪਾਰਟੀ ਜਾਂ ਫਰੰਟ ਨਹੀਂ ਬਣਾ ਰਹੇ। ਉਨ੍ਹਾਂ ਫੂਲਕਾਂ ਵੱਲੋਂ ਵਿਧਾਨ ਸਭਾ ਤੋਂ ਅਸਤੀਫ਼ਾ ਦੇਣ ਬਾਰੇ ਕਿਹਾ ਕਿ ਉਨ੍ਹਾਂ ਇਹ ਫੈਸਲਾ ਸੋਚ ਸਮਝ ਕੇ ਹੀ ਲਿਆ ਹੋਵੇਗਾ ਪਰ ਲੋਕ ਵਿਧਾਇਕਾਂ ਨੂੰ ਚੁਣ ਕੇ ਅਸੈਂਬਲੀ ਵਿੱਚ ਆਪਣੇ ਮੁੱਦਿਆਂ 'ਤੇ ਲੜਨ ਲਈ ਹੀ ਭੇਜਦੇ ਹਨ। ਪ੍ਰੈੱਸ ਕਾਨਫ਼ਰੰਸ ਵਿੱਚ ਖਹਿਰਾ ਨੇ ਅਧਿਆਪਕਾਂ ਦੀ ਤਨਖ਼ਾਹ ਵਿੱਚ ਕਟੌਤੀ ਦੇ ਬਦਲੇ ਰੈਗੂਲਰ ਕਰਨ ਤੇ ਮਹਿੰਗਾਈ ਦੇ ਬਾਵਜੂਦ ਬਿਜਲੀ ਦਰਾਂ ਵਧਾਉਣ ਬਾਰੇ ਕਿਹਾ ਕਿ ਪੰਜਾਬ ਸਰਕਾਰ ਨੂੰ ਤਾਨਾਸ਼ਾਹੀ ਫੈਸਲੇ ਲੈਣੇ ਬੰਦ ਕਰਨੇ ਚਾਹੀਦੇ ਹਨ। ਉਨ੍ਹਾਂ ਐਲਾਨ ਕੀਤਾ ਵੀ ਕੀਤਾ ਕਿ ਉਹ ਅੱਜ ਅਧਿਆਪਕਾਂ ਦੇ ਧਰਨੇ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਕਿਸਾਨਾਂ ਵੱਲੋਂ ਪਰਾਲ਼ੀ ਸਾੜੇ ਜਾਣ ਦੇ ਮਸਲੇ 'ਤੇ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀ ਨਾਲਾਇਕੀ ਨੂੰ ਲੁਕਾਉਣ ਲਈ ਕਿਸਾਨਾਂ 'ਤੇ ਪਰਾਲੀ ਨੂੰ ਅੱਗ ਲਾਉਣ 'ਤੇ ਪਰਚੇ ਦਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਉੱਤੇ ਪਰਚੇ ਦਰਜ ਕਰਨੇ ਬੰਦ ਕਰੇ ਤੇ ਕਿਸਾਨਾਂ ਨੂੰ ਮੁਆਵਜ਼ਾ ਦੇਵੇ। ਬੇਅਦਬੀ ਮਾਮਲਿਆਂ ਬਾਰੇ ਟਿੱਪਣੀ ਕਰਦਿਆਂ ਖਹਿਰਾ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਦੀ ਦੋਸ਼ੀਆਂ ਨਾਲ ਮਿਲੀਭੁਗਤ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਨੇ 200 ਸਰਕਾਰੀ ਵਕੀਲ ਭਰਤੀ ਕੀਤਾ ਹੈ ਪਰ ਇਨ੍ਹਾਂ ਦੇ ਨੱਕ ਹੇਠੋਂ ਸੁਮੇਧ ਸੈਣੀ ਅਦਾਲਤ ਤੋਂ ਸਟੇਅ ਲੈ ਗਿਆ ਤੇ ਇਸ ਤੋਂ ਪਹਿਲਾਂ ਵੀ ਚਾਰ ਅਫ਼ਸਰ ਸਟੇਅ ਲੈ ਗਏ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।