ਚੰਡੀਗੜ੍ਹ: ਇਨਫੋਰਸਮੈਂਟ ਡਾਇਰੈਕਟੋਰੇਟ ਦੇ ਉਪ-ਨਿਰਦੇਸ਼ਕ ਨਿਰੰਜਣ ਸਿੰਘ ਅੱਜ ਮੁੜ ਤੋਂ ਆਪਣੇ ਅਹੁਦੇ 'ਤੇ ਪਹੁੰਚ ਰਹੇ ਹਨ। ਉਨ੍ਹਾਂ ਸ਼ੁੱਕਰਵਾਰ ਸਵੇਰੇ ਆਪਣਾ ਅਸਤੀਫ਼ਾ ਵਾਪਸ ਲੈ ਲਿਆ। ਦਰਅਸਲ, ਨਿਰੰਜਣ ਸਿੰਘ ਦੇ ਵਕੀਲ ਨੇ ਬੀਤੇ ਕੱਲ੍ਹ ਪੰਜਾਬ ਹਰਿਆਣਾ ਉੱਚ ਅਦਾਲਤ ਵਿੱਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਮੁਵੱਕਿਲ ਨੇ ਡਰੱਗ ਕੇਸ ਦੀ ਜਾਂਚ ਦੌਰਾਨ ਸਾਬਕਾ ਮੰਤਰੀ ਤੇ ਅਕਾਲੀ ਲੀਡਰ ਬਿਕਰਮ ਮਜੀਠੀਆ ਵਿਰੁੱਧ ਜਾਂਚ ਅੱਗੇ ਵਧਾਉਣ ਦੀ ਆਗਿਆ ਨਾ ਮਿਲਣ ਤੋਂ ਅੱਕ ਕੇ ਇਹ ਅਸਤੀਫ਼ਾ ਦਿੱਤਾ ਹੈ। ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਮੁੱਖ ਜੱਜ ਕ੍ਰਿਸ਼ਨ ਮੁਰਾਰੀ ਤੇ ਜਸਟਿਸ ਏ.ਬੀ. ਚੌਧਰੀ ਦੇ ਬੈਂਚ ਸਨਮੁਖ ਸੀਨੀਅਰ ਐਡਵੋਕੇਟ ਅਨੁਪਮ ਗੁਪਤਾ ਨੇ ਬੀਤੇ ਕੱਲ੍ਹ ਕਿਹਾ ਸੀ ਕਿ ਈਡੀ ਵੱਲੋਂ ਮਜੀਠੀਆ ਖਿਲਾਫ਼ ਕਾਰਵਾਈ ਦੀ ਆਗਿਆ ਨਾ ਦਿੱਤੇ ਜਾਣ ਤੋਂ ਉਦਾਸ ਹੋ ਕੇ ਬੀਤੀ ਪੰਜ ਅਕਤੂਬਰ ਨੂੰ ਅਸਤੀਫ਼ਾ ਦੇ ਦਿੱਤਾ ਸੀ। ਵਕੀਲ ਨੇ ਬੈਂਚ ਨੂੰ ਦੱਸਿਆ ਕਿ ਮਜੀਠੀਆ ਪਿਛਲੀ ਸਰਕਾਰ ਵਿੱਚ ਮਾਲ ਮੰਤਰੀ ਸੀ ਤੇ ਕੇਂਦਰ ਵਿੱਚ ਉਨ੍ਹਾਂ ਦੀ ਭਾਈਵਾਲ ਬੀਜੇਪੀ ਕਾਰਨ ਉਸ ਦਾ ਅੱਜ ਵੀ ਬਹੁਤ ਦਬਦਬਾ ਹੈ। ਇਸ 'ਤੇ ਅਦਾਲਤ ਨੂੰ ਸਵਾਲ ਕੀਤਾ ਕਿ ਉਹ ਅਦਾਲਤ ਨੂੰ ਦੱਸ ਸਕਦੇ ਹਨ ਕਿ ਕਿਵੇਂ ਕੇਂਦਰੀ ਮੰਤਰਾਲੇ ਵੱਲੋਂ ਬਹੁ ਕਰੋੜੀ ਜਗਦੀਸ਼ ਭੋਲਾ ਡਰੱਗ ਕੇਸ ਵਿੱਚ ਉਨ੍ਹਾਂ (ਨਿਰੰਜਣ ਸਿੰਘ) ਨੂੰ ਧਮਕਾਇਆ ਗਿਆ ਸੀ। ਉਨ੍ਹਾਂ ਨੂੰ ਕੋਈ ਮੌਕਾ ਨਹੀਂ ਦਿੱਤਾ ਗਿਆ, ਇੱਕ ਵੀ ਗਵਾਹ ਤੋਂ ਪੁੱਛਗਿਛ ਨਹੀਂ ਕੀਤੀ ਗਈ ਤੇ ਕੋਈ ਜਾਇਦਾਦ ਵੀ ਜ਼ਬਤ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਮਸਲਾ ਮਜੀਠੀਆ ਦਾ ਨਹੀਂ ਸਗੋਂ ਕੇਂਦਰੀ ਵਿੱਤ ਮੰਤਰਾਲੇ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਹੈ। ਜ਼ਿਕਰਯੋਗ ਹੈ ਕਿ ਨਿਰੰਜਣ ਸਿੰਘ ਨੇ ਬੀਤੀ ਪੰਜ ਅਕਤੂਬਰ ਨੂੰ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂਕਿ, ਕੰਨਸੋਆਂ ਉਦੋਂ ਵੀ ਸਨ ਕਿ ਈਡੀ ਦੇ ਡਿਪਟੀ ਡਾਇਰੈਕਟਰ ਆਪਣੇ ਵਿਭਾਗ ਤੋਂ ਨਾਖੁਸ਼ ਹਨ। ਉਹ ਮਜੀਠੀਆ ਚੋਂ ਪਹਿਲਾਂ ਵੀ ਪੁੱਛਗਿੱਛ ਕਰ ਚੁੱਕੇ ਹਨ ਤੇ ਉਹ ਮੁੜ ਤੋਂ ਉਸ ਨੂੰ ਸੰਮਨ ਕਰਨਾ ਚਾਹੁੰਦੇ ਸੀ, ਜਿਸ ਦੀ ਆਗਿਆ ਉਨ੍ਹਾਂ ਨੂੰ ਨਹੀਂ ਸੀ ਮਿਲੀ। ਨਿਰੰਜਣ ਸਿੰਘ ਦਾ ਤਿੰਨ ਸਾਲਾਂ ਦਾ ਕਾਰਜਕਾਲ ਹਾਲੇ ਬਾਕੀ ਹੈ ਅਤੇ ਹੁਣ ਉਨ੍ਹਾਂ ਵੱਲੋਂ ਮੁੜ ਡਿਊਟੀ ਸਾਂਭੇ ਜਾਣ ਤੋਂ ਬਾਅਦ ਇਸ ਹਾਈ ਪ੍ਰੋਫਾਈਲ ਮਾਮਲੇ ਵਿੱਚ ਵੱਡੇ ਧਮਾਕੇ ਹੋਣ ਦੇ ਆਸਾਰ ਹਨ।