ਮੋਗਾ: ਕਸਬਾ ਕੋਟ ਈਸੇ ਖਾਂ ਵਿਚ ਚਾਚੇ-ਤਾਏ ਦੇ ਇੱਕੋ ਪਰਿਵਾਰ ਦੇ ਤਿੰਨ ਭਰਾਵਾਂ ਦੀ ਹੋਈ ਬੇਵਕਤੀ ਮੌਤ ਤੇ ਕਸਬੇ ‘ਚ ਮਾਤਮ ਛਾ ਗਿਆ। ਜਾਣਕਾਰੀ ਅਨੁਸਾਰ ਹਰਜਿੰਦਰ ਕਾਲੜਾ ਤੇ ਮੁਕੇਸ਼ ਕਾਲੜਾ ਪੁੱਤਰ ਚਿਮਨ ਲਾਲ ਕਾਲੜਾ ਦੀ ਬੁੱਧਵਾਰ ਰਾਤ ਨੂੰ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਉਨ੍ਹਾਂ ਦਾ ਹਾਲੇ ਸਸਕਾਰ ਵੀ ਨਹੀਂ ਹੋਇਆ ਸੀ ਕਿ ਉਨ੍ਹਾਂ ਦੇ ਚਚੇਰੇ ਭਰਾ ਪ੍ਰਦੀਪ ਕਾਲੜਾ ਪੁੱਤਰ ਮਨੋਹਰ ਲਾਲ ਕਾਲੜਾ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਬੇ-ਵਕਤੀ ਅਤੇ ਕਹਿਰ ਦੀ ਮੌਤ ਹੋਣ ਕਾਰਨ ਕਸਬੇ ‘ਚ ਸਨਾਟਾ ਅਤੇ ਮਾਤਮ ਛਾ ਗਿਆ । ਕਸਬੇ ਵਿਚ ਤਿੰਨ ਕਹਿਰ ਦੀਆਂ ਹੋਈਆਂ ਮੌਤਾਂ ਕਾਰਨ ਕਿਸੇ ਵੀ ਘਰ ਵਿਚ ਚੁੱਲ੍ਹਾ ਨਹੀਂ ਬਲਿਆ ਅਤੇ ਸੋਗ ਵਜੋਂ ਬਾਜ਼ਾਰ ਬੰਦ ਰਿਹਾ। ਜ਼ਿਕਰਯੋਗ ਹੈ ਕਿ ਹਰਜਿੰਦਰ ਕਾਲੜਾ ਆਪਣੇ ਮਗਰ ਦੋ ਬੱਚੇ, ਮੁਕੇਸ ਕਾਲੜਾ ਜਿਸ ਦਾ ਹਾਲੇ ਚਾਰ ਕੁ ਪਹਿਲਾਂ ਹੀ ਵਿਆਹ ਹੋਇਆ ਸੀ ਆਪਣੇ ਮਗਰ ਇੱਕ ਬੱਚਾ ਅਤੇ ਪ੍ਰਦੀਪ ਕਾਲੜਾ ਆਪਣੇ ਮਗਰ ਦੋ ਲੜਕੀਆਂ ਅਤੇ ਇੱਕ ਲੜਕਾ ਛੱਡ ਗਏ ਹਨ। ਇੱਕੋ ਪਰਿਵਾਰ ਦੇ ਤਿੰਨ ਸਿਵੇਂ ਬਲਦੇ ਦੇਖ ਜਿੱਥੇ ਪਰਿਵਾਰ ਵਾਲਿਆਂ ਦਾ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ ਉੱਥੇ ਹੀ ਕਸਬੇ ਦੀ ਕੋਈ ਵੀ ਅਜਿਹੀ ਅੱਖ ਨਹੀਂ ਸੀ ਜਿਸ ਵਿਚ ਹੰਝੂ ਨਹੀਂ ਸੀ।