ਐਡਮਿੰਟਨ: ਹੰਬੋਲਟ ਬ੍ਰੌਨਕੌਸ ਬੱਸ ਕ੍ਰੈਸ਼ ਦੇ ਮਾਮਲੇ ਵਿੱਚ ਐਲਬਰਟਾ ਦੇ ਇੱਕ ਟਰੱਕਿੰਗ ਕੰਪਨੀ ਦੇ ਮਾਲਿਕ ਉਤੇ ਵੀ ਇਲਜ਼ਾਮ ਲੱਗੇ ਹਨ। ਇਹ ਉਹੀ ਕੰਪਨੀ ਹੈ, ਜਿਸ ਦੇ ਟਰੱਕ ਨਾਲ ਹਾਕੀ ਖਿਡਾਰੀਆਂ ਦੀ ਬੱਸ ਦੀ ਟੱਕਰ ਹੋ ਗਈ ਸੀ ਤੇ 16 ਜਣਿਆਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਪੰਜਾਬੀ ਮੂਲ ਦੇ ਸੈਮੀ (ਟਰੱਕ) ਚਾਲਕ ਜਸਕੀਰਤ ਸਿੱਧੂ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਹੋਇਆ ਹੈ। ਐਲਬਰਟਾ ਦੇ ਟ੍ਰਾਸਪੋਰਟੇਸ਼ਨ ਮੰਤਰੀ ਬ੍ਰਾਇਨ ਮੇਸਨ ਨੇ ਆਖਿਆ ਕਿ ਆਦੇਸ਼ ਦਿਓਲ ਟਰੱਕਿੰਗ ਲਿਮਿਟਿਡ ਦੇ ਸੁਖਿੰਦਰ ਸਿੰਘ ਤੇ 6 ਮਹੀਨਿਆਂ ਲਈ ਫੈਡਰਲ ਅਤੇ ਸੂਬਾਈ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਇਲਜਾਮ ਲੱਗੇ ਹਨ। ਮੇਸਨ ਨੇ ਬੁੱਧਵਾਰ ਨੂੰ ਆਖਿਆ ਕਿ ਐਲਬਰਟਾ ਟਰਾਂਸਪੋਰਟੇਸ਼ਨ ਵੱਲੋਂ ਜਾਂਚ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਇਲਜ਼ਾਮ ਸਾਹਮਣੇ ਆਏ ਹਨ। ਹਾਲਾਂਕਿ, ਇਨ੍ਹਾਂ ਇਲਜ਼ਾਮਾਂ ਬਾਰੇ ਮੰਤਰੀ ਨੇ ਸਪੱਸ਼ਟ ਤੌਰ 'ਤੇ ਨਹੀਂ ਦੱਸਿਆ।
ਮੰਤਰੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ, ਛੇ ਮਹੀਨਿਆਂ ਦੀ ਮਿਆਦ ਵਿੱਚ ਟਰਾਂਸਪੋਰਟੇਸ਼ਨ ਨਿਯਮਕ ਲੋੜਾਂ ਦੀ ਕਈ ਵਾਰ 'ਤੇ ਪਾਲਣਾ ਨਹੀਂ ਕੀਤੀ ਗਈ। ਐਲਬਰਟਾ ਟਰਾਂਸਪੋਰਟੇਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ, ਕੰਪਨੀ ਦੇ ਮਾਲਕ 'ਤੇ ਕੁਲ 8 ਇਲਜ਼ਾਮ ਲੱਗੇ ਹਨ। ਅਪ੍ਰੈਲ ਵਿੱਚ ਬ੍ਰੌਨਕੋਸ ਜੂਨੀਅਰ ਹਾਕੀ ਟੀਮ ਬੀਤੀ ਛੇ ਅਪ੍ਰੈਲ ਨੂੰ ਇੱਕ ਪਲੇਅਆਫ ਗੇਮ ਖੇਡਣ ਲਈ ਨਿਪਾਵਿਨ ਵੱਲ ਜਾ ਰਹੀ ਸੀ। ਪਰ ਰਸਤੇ ਵਿੱਚ ਪੂਰਬੀ ਸਸਕੈਚਵਿਨ ਕੋਲ ਦੋਫਾੜ ਹੁੰਦੀ ਸੜਕ (ਟੀ-ਪੁਆਇੰਟ) 'ਤੇ ਬੱਸ ਤੇ ਸੈਮੀ ਦੀ ਟੱਕਰ ਹੋ ਗਈ ਸੀ। ਇਸ ਟੱਕਰ ਵਿਚ 16 ਲੋਕਾਂ ਦੀ ਜਾਨ ਚਲੀ ਗਈ ਸੀ, ਜਿਸ ਵਿੱਚ ਹਾਕੀ ਲੀਗ ਟੀਮ ਦੇ ਖਿਡਾਰੀ ਅਤੇ ਸਟਾਫ ਮੈਂਬਰ ਵੀ ਸ਼ਾਮਲ ਸਨ। ਘਟਨਾ ਵਿੱਚ 13 ਲੋਕ ਜ਼ਖ਼ਮੀ ਵੀ ਹੋਏ ਸਨ। ਹੰਬੋਲਟ ਬ੍ਰੌਨਕੋਸ ਬੱਸ ਦੁਰਘਟਨਾ ਦੇ ਮਾਮਲੇ ਵਿੱਚ ਸੈਮੀ-ਚਾਲਕ ਜਸਕੀਰਤ ਸਿੱਧੂ ਵੀ ਡਰਾਈਵਿੰਗ ਸੰਬੰਧੀ 29 ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਹੁਣ ਇਸ ਮਾਮਲੇ ਵਿੱਚ ਟਰੱਕ ਕੰਪਨੀ ਦੇ ਮਾਲਕ ਸੁਖਮੰਦਰ ਸਿੰਘ ਵੀ ਮੁਲਜ਼ਮ ਬਣ ਗਿਆ ਹੈ।