ਬਠਿੰਡਾ: ਪੰਜਾਬ ਦੇ ਨਵੇਂ ਬਣੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਬਠਿੰਡਾ ਦੇ ਥਰਮਲ ਪਲਾਂਟ ਬਾਰੇ ਮੁੜ ਵਿਚਾਰ ਕਰਨ ਦੇ ਬਿਆਨ ਮਗਰੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਵੀ ਇਸ ਮਾਮਲੇ ਵਿੱਚ ਕੁੱਦ ਪਏ ਹਨ। ਅੱਜ ਬਠਿੰਡਾ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਸੁਖਪਾਲ ਖਹਿਰਾ ਨੇ ਪੰਜਾਬ ਸਰਕਾਰ ਦੀ ਥਰਮਲ ਬਾਰੇ ਨੀਤੀ ਸਹੀ ਨਾ ਹੋਣ ਦਾ ਇਲਜ਼ਾਮ ਲਾਇਆ।   ਬਠਿੰਡਾ ਪੁੱਜੇ ਖਹਿਰਾ ਨੇ ਪੰਜਾਬ ਸਰਕਾਰ 'ਤੇ ਇਲਜ਼ਾਮ ਲਾਇਆ ਕਿ ਸਰਕਾਰ ਦੀ ਥਰਮਲ ਪਲਾਂਟ ਪ੍ਰਤੀ ਨੀਤੀ ਸਹੀ ਨਹੀਂ। ਪੰਜਾਬ ਸਰਕਾਰ ਨੇ ਥਰਮਲ ਵਿੱਚ ਕੰਮ ਕਰਦੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਨਹੀਂ ਸੋਚਿਆ। ਉਨ੍ਹਾਂ ਨਾਲ ਹੀ ਕਿਹਾ ਕਿ ਵਿਧਾਨ ਸਭਾ ਵਿੱਚ ਹਾਲ ਹੀ ਵਿੱਚ ਪੇਸ਼ ਹੋਈ ਕੈਗ ਰਿਪੋਰਟ ਨੇ ਵੀ ਪੰਜਾਬ ਸਰਕਾਰ ਦੀ ਨੀਤ ਉੱਤੇ ਉਂਗਲ ਚੁੱਕੀ ਹੈ, ਕਿਉਂਕਿ ਥਰਮਲ ਅਗਲੇ 10 ਸਾਲ ਹੋਰ ਚੱਲ ਸਕਦਾ ਸੀ। ਨਸ਼ਿਆਂ ਦੇ ਬਾਰੇ ਪੁੱਛੇ ਗਏ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਉਹ ਅੱਜ ਵੀ ਆਪਣੇ ਸਟੈਂਡ ਉੱਤੇ ਕਾਇਮ ਹਨ। ਮੁੱਖ ਮੰਤਰੀ ਡੀਜੀਪੀ ਸੁਰੇਸ਼ ਅਰੋੜਾ ਤੇ ਦਿਨਕਰ ਗੁਪਤਾ ਖਿਲਾਫ ਜਾਂਚ ਕਰਾਉਣ ਤੋਂ ਕੰਨੀ ਕਿਉਂ ਕਤਰਾ ਰਹੇ ਹਨ। ਇਸ ਨੂੰ ਅਨੁਸ਼ਾਸਨਹੀਣਤਾ ਦਾ ਮਾਮਲਾ ਦੱਸ ਕੇ ਪੂਰੇ ਮਾਮਲੇ 'ਤੇ ਪਰਦੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।